ਲੁਧਿਆਣਾ : ਪੀ.ਏ.ਯੂ. ਦਾ ਕੈਂਪਸ ਮੇਲਾ ਅੱਜ ਆਨਲਾਈਨ ਰੂਪ ਵਿੱਚ ਸ਼ੁਰੂ ਹੋ ਗਿਆ । ਇਸ ਦੋ ਰੋਜ਼ਾ ਮੇਲੇ ਦਾ ਉਦਘਾਟਨ ਵਾਈਸ ਚਾਂਸਲਰ ਸ਼੍ਰੀ ਡੀ.ਕੇ. ਤਿਵਾੜੀ, ਆਈ ਏ ਐੱਸ ਕਮਿਸ਼ਨਰ ਖੇਤੀਬਾੜੀ ਅਤੇ ਕਿਸਾਨ ਭਲਾਈ ਨੇ ਕੀਤਾ । ਉਦਘਾਟਨੀ ਭਾਸ਼ਣ ਵਿੱਚ ਸ਼੍ਰੀ ਤਿਵਾੜੀ ਨੇ ਕਿਹਾ ਕਿ ਆਨਲਾਈਨ ਮੇਲੇ ਲੱਗਣ ਦੀ ਪਰੰਪਰਾ ਕੋਵਿਡ ਦੀਆਂ ਮਜ਼ਬੂਰੀਆਂ ਵਿੱਚੋਂ ਸ਼ੁਰੂ ਹੋਈ ਪਰ ਆਸ ਹੈ ਕਿ ਅੱਗੋ ਤੋਂ ਇਹ ਮੇਲੇ ਹਕੀਕੀ ਰੂਪ ਵਿੱਚ ਲੱਗ ਸਕਣਗੇ । ਉਹਨਾਂ ਇਸ ਮੇਲੇ ਨੂੰ ਆਯੋਜਿਤ ਕਰਨ ਲਈ ਸਮੁੱਚੇ ਪ੍ਰਬੰਧਕਾਂ, ਕਾਮਿਆਂ, ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ।
ਸ਼੍ਰੀ ਤਿਵਾੜੀ ਨੇ ਕਿਹਾ ਕਿ ਦੇਸ਼ ਦੀ ਆਬਾਦੀ ਦਾ 60% ਤੋਂ ਵਧੇਰੇ ਹਿੱਸਾ ਅੱਜ ਵੀ ਸਿੱਧੇ ਅਸਿੱਧੇ ਰੂਪ ਵਿੱਚ ਕਿਸਾਨੀ ਨਾਲ ਸੰਬੰਧਿਤ ਹੈ । ਇਸਲਈ ਕਿਸਾਨੀ ਦੀ ਬਿਹਤਰੀ ਖੇਤੀ ਖੋਜ ਅਤੇ ਨੀਤੀਆਂ ਦਾ ਮੰਤਵ ਹੋਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਨਵੀਆਂ ਤਕਨੀਕਾਂ ਦਾ ਲਾਭ ਲੈ ਕੇ ਉਪਜ ਵਧਾਉਣ ਦੇ ਨਾਲ-ਨਾਲ ਫਸਲੀ ਵਿਭਿੰਨਤਾ, ਕਿਸਾਨ ਨਿਰਮਾਤਾ ਸੰਗਠਨ, ਖੇਤੀ ਕਾਰੋਬਾਰ, ਪ੍ਰੋਸੈਸਿੰਗ ਅਤੇ ਨੌਜਵਾਨਾਂ ਨੂੰ ਖੇਤੀ ਨਾਲ ਜੋੜਨ ਵੱਲ ਧਿਆਨ ਦੇਣਾ ਪਵੇਗਾ । ਸ਼੍ਰੀ ਤਿਵਾੜੀ ਨੇ ਪੰਜਾਬ ਨੂੰ ਚੰਗੀਆਂ ਕਿਸਮਾਂ ਦੇ ਬੀਜਾਂ ਦਾ ਕੇਂਦਰ ਬਨਾਉਣ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਲੇਬਰ ਦੀ ਢੁੱਕਵੀਂ ਵਰਤੋਂ ਲਈ ਸਹਾਇਕ ਧੰਦੇ ਅਪਣਾ ਕੇ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ ।
ਇਸ ਮੌਕੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਪਸ਼ੂ ਪਾਲਣ ਕੁਝ ਸਾਲ ਪਹਿਲਾਂ ਤੱਕ ਖੇਤੀ ਦਾ ਸਹਾਇਕ ਕਿੱਤਾ ਮੰਨਿਆ ਜਾਂਦਾ ਸੀ ਪਰ ਹੁਣ ਇਸ ਨੂੰ ਮੁੱਖ ਕਿੱਤੇ ਵਜੋਂ ਬਹੁਤ ਸਾਰੇ ਕਿਸਾਨ ਅਪਣਾ ਰਹੇ ਹਨ । ਉਹਨਾਂ ਕਿਹਾ ਕਿ ਆਮਦਨੀ ਅਤੇ ਪੋਸ਼ਣ ਵੱਲ ਯੂਨੀਵਰਸਿਟੀ ਦਾ ਵਿਸ਼ੇਸ਼ ਤੌਰ ਤੇ ਧਿਆਨ ਹੈ । ਉਹਨਾਂ ਨੇ ਮੱਝਾਂ ਅਤੇ ਗਾਵਾਂ ਦੀ ਨਸਲ ਸੁਧਾਰ ਲਈ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕੀਤਾ ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਸਵਾਗਤੀ ਸ਼ਬਦ ਬੋਲਦਿਆਂ ਆਨਲਾਈਨ ਮੇਲੇ ਲਾਉਣ ਦੇ ਮੰਤਵ ਅਤੇ ਮੇਲਿਆਂ ਦੀ ਰੂਪਰੇਖਾ ਬਾਰੇ ਗੱਲ ਕੀਤੀ । ਉਹਨਾਂ ਕਿਹਾ ਕਿ ਮੇਲਿਆਂ ਦਾ ਥੀਮ ‘ਧਰਤੀ ਪਾਣੀ ਪੌਣ ਬਚਾਈਏ, ਪੁਸ਼ਤਾਂ ਖਾਤਰ ਧਰਮ ਨਿਭਾਈਏ’ ਰੱਖਿਆ ਗਿਆ ਹੈ ਜਿਸ ਨਾਲ ਸਰੋਤਾਂ ਦੀ ਸਹੀ ਵਰਤੋਂ ਦਾ ਸੁਨੇਹਾ ਕਿਸਾਨਾਂ ਤੱਕ ਦੇਣ ਦਾ ਉਦੇਸ਼ ਹੈ । ਡਾ. ਅਸ਼ੋਕ ਕੁਮਾਰ ਨੇ ਮੌਸਮੀ ਤਬਦੀਲੀ ਨਾਲ ਪੈਦਾ ਹੋਣ ਵਾਲੇ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਮਾਹਿਰਾਂ ਨਾਲ ਸੰਪਰਕ ਕਰਨ ਦੀ ਅਪੀਲ ਕਿਸਾਨਾਂ ਨੂੰ ਕੀਤੀ । ਉਹਨਾਂ ਕਿਹਾ ਕਿ ਖੇਤੀ ਉਤਪਾਦਨ ਦੇ ਨਾਲ ਆਮਦਨ ਵਿੱਚ ਵਾਧਾ ਕਰਨਾ ਸਮੇਂ ਦੀ ਮੁੱਖ ਲੋੜ ਹੈ ।