ਸਮਰਾਲਾ (ਲੁਧਿਆਣਾ) : ਭਾਰਤ ਸਰਕਾਰ ਵੱਲੋਂ ਚਲਾਈ ਗਈ ਪ੍ਰਧਾਨ ਮੰਤਰੀ ਜਨ ਸੁਰੱਕਸ਼ਾ ਬੀਮਾ ਯੋਜਨਾ ਜਿਸਦੀ ਸਾਲਾਨਾ ਕਿਸ਼ਤ 12 ਰੁਪਏ ਬਣਦੀ ਹੈ ਤਹਿਤ ਪੰਜਾਬ ਐਂਡ ਸਿੰਧ ਬੈਂਕ ਸਮਰਾਲਾ ਵੱਲੋਂ ਪਿੰਡ ਬਘੌਰ ਦੇ ਵਾਸੀ ਗੁਰਿੰਦਰ ਸਿੰਘ ਸਪੁੱਤਰ ਜੋਧ ਸਿੰਘ ਨੂੰ 2 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ। ਜ਼ਿਕਰਯੋਗ ਹੈ ਕਿ ਸ. ਜੋਧ ਸਿੰਘ ਦੀ ਜੁਲਾਈ 2021 ਵਿੱਚ ਇੱਕ ਸੜ੍ਹਕ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਇਹ 2 ਲੱਖ ਰੁਪਏ ਦੀ ਰਾਸ਼ੀ ਭਾਰਤ ਸਰਕਾਰ ਵੱਲੋਂ ਚਲਾਈ ਗਈ ਪ੍ਰਧਾਨ ਮੰਤਰੀ ਜਨ ਸੁਰੱਕਸ਼ਾ ਬੀਮਾ ਯੋਜਨਾ ਤਹਿਤ ਬੀਮਾਧਾਰਕ ਵਿਅਕਤੀ ਦੇ ਨਾਮਜ਼ਦ ਵਿਅਕਤੀ ਨੂੰ ਦੁਰਘਟਨਾ ਕਾਰਨ ਹੋਈ ਮੌਤ ਤੋਂ ਬਾਅਦ ਕਲੇਮ ਵਜੋਂ ਦਿੱਤੀ ਜਾਂਦੀ ਹੈ।
ਜੋਨਲ ਮੈਨੇਜਰ ਸ੍ਰੀ ਅਸ਼ਨੀ ਕੁਮਾਰ ਨੇ ਇਸ ਮੌਕੇ ਮੌਜੂਦਾ ਗ੍ਰਾਹਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਗਈਆਂ ਪਬਲਿਕ ਵੈਲਫੇਅਰ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾ ਬੈਂਕ ਦੀਆਂ ਕਰਜ਼ਾ ਸਕੀਮਾਂ ਜਿਸ ਵਿੱਚ ਗੋਲਡ ਲੋਨ 7 ਫੀਸਦ, ਹਾਊਸ ਲੋਨ 6.50 ਫੀਸਦ, ਕਾਰ ਲੋਨ 6.80 ਫੀਸਦ, ਫੂਡ ਪ੍ਰੋਸੈਸਿੰਗ ਲੋਨ 7 ਫੀਸਦ ‘ਤੇ ਅਵੇਲ ਕਰਨ ਦੀ ਵਿਸ਼ੇਸ਼ ਜਾਣਕਾਰੀ ਵੀ ਦਿੱਤੀ।