ਲੁਧਿਆਣਾ : ਦਾਜ ਖਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਤੇ 72 ਮਾਮਲਿਆਂ ਦਾ ਪੁਲਿਸ ਨੇ ਮੌਕੇ ‘ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਜਿਸ ਨਾਲ 72 ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕੀਤੀ ਗਈ ਹੈ।
ਜਾਣਕਾਰੀ ਦਿੰਦਿਆਂ ਏਸੀਪੀ ਕੰਵਰਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਫਿਰ ਤੋਂ ਸ਼ੁਰੂ ਕੀਤਾ ਗਿਆ ਇਹ ਕੈਂਪ ਦੇਰ ਸ਼ਾਮ ਤੱਕ ਜਾਰੀ ਰਿਹਾ ਤੇ ਉਨ੍ਹਾਂ ਵਲੋਂ ਖੁਦ ਵਿਆਹੁਤਾ ਦੇ ਪੇਕੇ ਤੇ ਸਹੁਰੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਵਲੋਂ ਲੜਕੇ ਤੇ ਲੜਕੀ ਨਾਲ ਵੀ ਵੱਖਰੇ ਵੱਖਰੇ ਤੌਰ ‘ਤੇ ਗੱਲ ਕੀਤੀ ਗਈ। ਉਨ੍ਹਾਂ ਦੱਸਿਆ ਕਿ 72 ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਹੈ। ਜ਼ਿਆਦਾਤਰ ਮਾਮਲਿਆਂ ‘ਚ ਦੋਨੋਂ ਧਿਰਾਂ ਦੀ ਰਜ਼ਾਮੰਦੀ ਨਾਲ ਹੀ ਇਹ ਨਿਪਟਾਰੇ ਕੀਤੇ ਗਏ ਹਨ ਜਿਹੜੇ ਮਾਮਲਿਆਂ ‘ਚ ਅੱਜ ਨਿਪਟਾਰਾ ਨਹੀਂ ਹੋ ਸਕਿਆ, ਉਨ੍ਹਾਂ ਨੂੰ ਅਗਲੇ ਕੈਂਪ ਵਿੱਚ ਰੱਖਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਵੂਮੈਨ ਸੈੱਲ ‘ਚ ਸ਼ਿਕਾਇਤਾਂ ਦੇ ਨਿਪਟਾਰੇ ਲਈ ਹੁਣ ਅਜਿਹੇ ਕੈਂਪ ਰੁਟੀਨ ਨਾਲ ਲੱਗਿਆ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਕਿਸਮ ਦੀ ਸ਼ਿਕਾਇਤ ਸਬੰਧੀ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਮਿਲ ਸਕਦੇ ਹਨ। ਸ. ਬਾਜਵਾ ਨੇ ਦੱਸਿਆ ਕਿ ਪੁਲਿਸ ਵਲੋਂ ਸ਼ਿਕਾਇਤ ਆਉਣ ‘ਤੇ ਪਹਿਲਾਂ ਲੜਕੇ ਤੇ ਲੜਕੀ ਦੀ ਕੌਂਸਲਿੰਗ ਕੀਤੀ ਜਾਂਦੀ ਹੈ ਤਾਂ ਜੋ ਲੜਕੀ ਦਾ ਘਰ ਮੁੜ ਤੋਂ ਵਸਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਜੇਕਰ ਕੁਝ ਮਾਮਲਿਆਂ ‘ਚ ਰਜ਼ਾਮੰਦੀ ਨਹੀਂ ਹੁੰਦੀ ਤਾਂ ਇਸ ਹਾਲਤ ‘ਚ ਕੇਸ ਦਰਜ ਕਰਨ ਦੀ ਪੁਲਿਸ ਕਮਿਸ਼ਨਰ ਨੂੰ ਸਿਫ਼ਾਰਸ਼ ਕੀਤੀ ਜਾਂਦੀ ਹੈ ਤੇ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਸਹੁਰੇ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਜਾਂਦਾ ਹੈ।