ਲੁਧਿਆਣਾ : ਡਿਊਟੀ ‘ਚ ਕੁਤਾਹੀ ਕਰਨ ਵਾਲੇ ਨਗਰ ਨਿਗਮ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਗਰ ਨਿਗਮ ਦੇ ਕਮਿਸ਼ਨਰ ਪ੍ਰਦੀਪ ਸੱਭਰਵਾਲ ਦੀ ਅਗਵਾਈ ਹੇਠ ਵੱਖ-ਵੱਖ ਸ਼ਾਖਾਵਾਂ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਮੀਟਿੰਗ ਹੋਈ, ਜਿਸ ‘ਚ ਕਮਿਸ਼ਨਰ ਵਲੋਂ ਮੁਲਾਜ਼ਮਾਂ ਨੂੰ ਦਫ਼ਤਰ ਵਿਚ ਸਵੇਰੇ 9 ਵਜੇ ਹਾਜ਼ਰ ਹੋਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਬੀ. ਐਂਡ ਆਰ. ਸ਼ਾਖਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਟੁੱਟੀਆਂ ਹੋਈਆਂ ਸੜਕਾਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ।
ਓ. ਐਂਡ ਐਮ. ਸ਼ਾਖਾ ਦੇ ਅਧਿਕਾਰੀਆਂ ਨੂੰ ਸੀਵਰੇਜ਼ ਦੇ ਮੇਨ ਹੋਲ ਉੱਪਰ ਢੱਕਣ ਲਗਾਉਣ ਦੇ ਹੁਕਮ ਦਿੱਤੇ ਗਏ। ਨਗਰ ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਦਫ਼ਤਰਾਂ ਵਿਚ ਏਜੰਟਾਂ ਦੇ ਆਉਣ-ਜਾਣ ‘ਤੇ ਰੋਕ ਲਗਾਉਣ ਲਈ ਵੀ ਕਿਹਾ ਹੈ ਤੇ ਪਬਲਿਕ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਜ਼ੋਨਲ ਕਮਿਸ਼ਨਰ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਆਪਣੇ ਜ਼ੋਨਾਂ ‘ਚ ਬੋਰਡ ਲਗਾਉਣ ਤੇ ਉਨ੍ਹਾਂ ਬੋਰਡਾਂ ਤੇ ਜ਼ੋਨਲ ਕਮਿਸ਼ਨਰ ਆਪਣੇ ਨੰਬਰ ਲਿਖਣ ਤਾਂ ਜੋ ਕਿਸੇ ਵੀ ਪ੍ਰੇਸ਼ਾਨੀ ਤੇ ਮੁਸ਼ਕਲ ਆਉਣ ‘ਤੇ ਲੋਕ ਜ਼ੋਨਲ ਕਮਿਸ਼ਨਰ ਨਾਲ ਸੰਪਰਕ ਕਰ ਸਕਣ।
ਉਨ੍ਹਾਂ ਦੱਸਿਆ ਕਿ ਜਿਹੜੀਆਂ ਵੀ ਦਰਖਾਸਤਾਂ ਜਾਇਦਾਦ ਦੀ ਮਾਲਕੀ ਤਬਦੀਲ ਕਰਨ ਸਬੰਧੀ ਟੀ.ਐਸ. ਵਨ ਪਾਣੀ ਦੇ ਕੁਨੈਕਸ਼ਨ ਆਦਿ ਸੁਵਿਧਾ ਸੈਂਟਰ ‘ਚ ਪ੍ਰਾਪਤ ਹੁੰਦੀਆਂ ਹਨ, ਉਨ੍ਹਾਂ ਦਰਖਾਸਤਾਂ ਸਬੰਧੀ ਦਰਖਾਸਤਕਰਤਾ ਨੂੰ ਜ਼ੋਨਲ ਕਮਿਸ਼ਨਰ ਜ਼ੋਨਲ ਸੁਪਰੀਡੈਂਟ ਫੋਨ ਕਰਕੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਬਾਰੇ ਫੀਡ ਬੈਕ ਲੈਣਗੇ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ਦੀਆਂ ਵੀ ਹਦਾਇਤਾਂ ਕਮਿਸ਼ਨਰ ਵਲੋਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਦਿੱਤੀਆਂ ਗਈਆਂ।
ਨਗਰ ਨਿਗਮ ਦੇ ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਕੰਮਾਂ ਦਾ ਪੂਰਾ ਵੇਰਵਾ ਅਧਿਕਾਰੀਆਂ ਨੂੰ ਦੇਣਾ ਲਾਜ਼ਮੀ ਹੋਵੇਗਾ ਅਤੇ ਕਮਿਸ਼ਨਰ ਵਲੋਂ ਸਾਰੇ ਰਿਕਵਰੀ ਸਟਾਫ਼ ਨੂੰ ਰਿਕਵਰੀ ਦੇ ਮਿੱਥੇ ਹੋਏ ਟੀਚੇ ਨੂੰ ਪੂਰਾ ਕਰਨ ਦੀ ਹਦਾਇਤ ਕੀਤੀ ਗਈ ਹੈ। ਕਮਿਸ਼ਨਰ ਨੇ ਸਖ਼ਤੀ ਭਰੇ ਲਹਿਜ਼ੇ ਵਿਚ ਕਿਹਾ ਕਿ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।