ਸ਼੍ਰੀ ਅਨੰਦਪੁਰ ਸਾਹਿਬ : ਹੋਲੇ ਮਹੱਲੇ ਦੇ ਦੂਸਰੇ ਦਿਨ ਵੱਡੀ ਤਾਦਾਦ ਵਿਚ ਸੰਗਤਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਹੋਰ ਗੁਰੂ ਘਰਾਂ ਵਿਚ ਮੱਥਾ ਟੇਕਿਆ ਤੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਦੇਸ਼ ਵਿਦੇਸ਼ ਤੋ ਲੱਖਾਂ ਦੀ ਗਿਣਤੀ ਵਿਚ ਆਈਆਂ ਸੰਗਤਾਂ ਨੇ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਦੇ ਅਕਾਸ਼ ਗੰਜਾਊ ਨਾਅਰਿਆਂ ਨਾਲ ਸਮੁੱਚੇ ਇਲਾਕੇ ਦਾ ਮਾਹੋਲ ਪਵਿੱਤਰ ਬਣਾ ਦਿਤਾ। ਹਰ ਪਾਸੇ ਖਾਲਸਾ ਜੀ ਦੇ ਖੁੱਲੇ ਦਰਸ਼ਨ ਦੀਦਾਰੇ ਹੋ ਰਹੇ ਹਨ। ਨੀਲੇ ਤੇ ਕੇਸਰੀ ਰੰਗ ਦੀਆਂ ਦਸਤਾਰਾਂ ਦਾ ਹੜ੍ਹ ਆ ਗਿਆ।
ਛੋਟੇ ਛੋਟੇ ਬੱਚੇ, ਨੋਜਵਾਨ, ਬਜੁਰਗ ਤੇ ਬੀਬੀਆਂ ਸ਼ਸ਼ਤਰਾਂ ਬਸਤਰਾਂ ਨਾਲ ਤਿਆਰ ਬਰ ਤਿਆਰ ਹੋ ਕੇ ਪੁਰਾਤਨ ਸਮੇ ਦੀ ਯਾਦ ਤਾਜ਼ਾ ਕਰਵਾ ਰਹੇ ਹਨ। ਸਵੇਰ ਵੇਲੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਤਖਤ ਸਾਹਿਬ ਦੇ ਜਥੇਦਾਰ ਗਿ:ਰਘਬੀਰ ਸਿੰਘ ਅਤੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਹੋਲੇ ਮਹੱਲੇ ਦੇ ਪਾਵਨ ਇਤਹਾਸ ਤੋ ਸੰਗਤਾਂ ਨੂੰ ਜਾਣੂੰ ਕਰਵਾਇਆ।
ਉਨ੍ਹਾਂ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਮੰਨਿਆ ਜਾਵੇ। ਕਿਸੇ ਦੇਹਧਾਰੀ ਜਾਂ ਪਖੰਡੀਆਂ ਮਗਰ ਲਗ ਕੇ ਸਿੱਖੀ ਸਿਧਾਤਾਂ ਨੂੰ ਤਿਲਾਂਜਲੀ ਨਾ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਇਸੇ ਪਾਵਨ ਅਸਥਾਨ ਤੇ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਦੀ ਸਾਜਨਾ ਕੀਤੀ ਤੇ ਸਮੁੱਚੇ ਸਿੱਖਾਂ ਨੂੰ ਅਮ੍ਰਿੰਤਧਾਰੀ ਹੋਣ ਦਾ ਹੁਕਮ ਕੀਤਾ। ਉਨਾਂ ਕੌਮ ਵਿਚ ਫੈਲ ਰਹੇ ਪਤਿਤਪੁਣੇ, ਨਸ਼ਿਆਂ ਤੇ ਹੋਰ ਅਲਾਮਤਾਂ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹਰੇਕ ਸਿੱਖ ਨੂੰ ਪ੍ਰਚਾਰਕ ਬਨਣ ਦਾ ਹੋਕਾ ਦਿਤਾ ਤਾਂ ਕਿ ਕੌਮ ਦੀ ਚੜ੍ਹਦੀ ਕਲਾ ਹੋ ਸਕੇ।
ਇਸ ਦੋਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਮਨੈਜਮੈਂਟ ਵਲੋਂ ਸੰਗਤਾਂ ਦੀ ਸਹੂਲਤ ਲਈ ਪੁਖਤਾ ਇੰਤਜਾਮ ਕੀਤੇ ਗਏ ਹਨ। ਦਿਨ ਰਾਤ ਧਾਰਮਿਕ ਸਮਾਗਮਾਂ ਦਾ ਦੌਰ ਚਲ ਰਿਹਾ ਹੈ। ਲਗਾਤਾਰ ਅਮ੍ਰਿੰਤ ਸੰਚਾਰ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਅਮ੍ਰਿੰਤ ਛਕ ਰਹੀਆਂ ਹਨ। ਸੰਗਤਾਂ ਦੀ ਸਹੂਲਤ ਲਈ ਰਿਹਾਇਸ਼, ਲੰਗਰ, ਜੋੜੇ ਘਰ, ਗੱਠੜੀ ਘਰ ਆਦਿ ਦੇ ਇੰਤਜਾਮ ਵੱਡੇ ਪੱਧਰ ਤੇ ਕੀਤੇ ਗਏ ਹਨ ਪਰ ਸੰਗਤਾਂ ਦੀ ਵੱਡੀ ਗਿਣਤੀ ਅੱਗੇ ਇਹ ਇੰਤਜਾਮ ਵੀ ਘਟ ਹੋ ਗਏ ਜਾਪਦੇ ਹਨ।