ਲੁਧਿਆਣਾ : ਐਸ.ਟੀ.ਐਫ. ਦੀ ਟੀਮ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਇਕ ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਐਸ.ਟੀ.ਐਫ. ਦੇ ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਅਜੇ ਕੁਮਾਰ ਉਰਫ ਲੱਲੂ ਪੁੱਤਰ ਸੁਰੇਸ਼ ਵਾਸੀ ਈ.ਡਬਲਯੂ.ਐਸ. ਕਾਲੋਨੀ ਵਜੋਂ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਉਮਰ 19 ਸਾਲ ਦੇ ਕਰੀਬ ਹੈ ਤੇ ਪਿਛਲੇ ਕਾਫੀ ਸਮੇਂ ਤੋਂ ਇਹ ਨਸ਼ੀਲੇ ਪਦਾਰਥਾ ਦੀ ਤਸਦੀਕ ਕਰਦਾ ਆ ਰਿਹਾ ਹੈ। ਕਥਿਤ ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਚੋਰੀ ਦਾ ਇਕ ਮਾਮਲਾ ਦਰਜ ਹੈ। ਪੁਲਿਸ ਨੇ ਅਜੇ ਕੁਮਾਰ ਨੂੰ ਬੀਤੀ ਰਾਤ ਉਸ ਵੇਲੇ ਗਿ੍ਫ਼ਤਾਰ ਕੀਤਾ, ਜਦੋਂ ਕਿ ਉਹ ਹੈਰੋਇਨ ਦੀ ਸਪਲਾਈ ਦੇਣ ਲਈ ਜਾ ਰਿਹਾ ਸੀ। ਪੁਲਿਸ ਵਲੋਂ ਈ.ਡਬਲਯੂ.ਐਸ. ਕਾਲੋਨੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ।
ਕਥਿਤ ਦੋਸ਼ੀ ਨੂੰ ਜਦੋਂ ਰੋਕ ਕੇ ਤਲਾਸ਼ੀ ਲਈ ਤਾਂ ਉਸਦੇ ਕਬਜ਼ੇ ‘ਚੋਂ 207 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਇਕ ਕਰੋੜ ਰੁਪਏ ਦੇ ਕਰੀਬ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀ ਨੂੰ ਅੱਜ ਸ਼ਾਮ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਜੱਜ ਨੇ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ। ਦੋਸ਼ੀ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।