ਲੁਧਿਆਣਾ : ਨਗਰ ਨਿਗਮ ਜ਼ੋਨ ਡੀ. ਅਧੀਨ ਪੈਂਦੀ ਫਿਰੋਜ਼ਗਾਂਧੀ ਮਾਰਕੀਟ ਵਿਚ ਪਾਰਕਿੰਗ ਠੇਕੇਦਾਰਾਂ ਵਲੋਂ ਤਹਿ ਦਰਾਂ ਤੋਂ ਵੱਧ ਵਸੂਲੀ ਕੀਤੇ ਜਾਣ ਵਿਰੁੱਧ ਦੁਕਾਨਦਾਰਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਿਵੇਂ ਡਿਪਟੀ ਕਮਿਸ਼ਨਰ ਦਫ਼ਤਰ ਦਾ ਠੇਕਾ ਰੱਦ ਕੀਤਾ ਗਿਆ ਹੈ, ਉਸ ਤਰ੍ਹਾਂ ਹੀ ਫਿਰੋਜ਼ਗਾਂਧੀ ਮਾਰਕੀਟ ਦੇ ਠੇਕੇਦਾਰ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਠੇਕੇਦਾਰ ਦੇ ਕਰਿੰਦਿਆਂ ਵਲੋਂ ਫੁੱਟਪਾਥ ਜੋ ਆਮ ਲੋਕਾਂ ਦੇ ਆਉਣ-ਜਾਣ ਲਈ ਹੈ, ‘ਤੇ ਵੀ ਮੋਟਰ ਸਾਈਕਲ ਖੜ੍ਹਾ ਕਰਾ ਕੇ 30 ਰੁਪਏ ਵਸੂਲੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੈਂਕਾਂ ਦੀਆਂ ਇਮਾਰਤਾਂ ਲਈ ਛੱਡੀ ਪਾਰਕਿੰਗ, ਸੜਕਾਂ ‘ਤੇ ਵਾਹਨ ਖੜ੍ਹੇ ਕਰਾ ਕੇ ਧੱਕੇ ਨਾਲ ਵਸੂਲੀ ਕੀਤੀ ਜਾਂਦੀ ਹੈ।
ਜੇਕਰ ਕੋਈ ਵਾਹਨ ਮਾਲਕ ਤਹਿ ਦਰਾਂ ਤੋਂ ਵੱਧ ਵਸੂਲੀ ‘ਤੇ ਇਤਰਾਜ ਕਰਦਾ ਹੈ ਤਾਂ ਠੇਕੇਦਾਰ ਦੇ ਕਰਿੰਦੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਸਬੰਧੀ ਸੰਪਰਕ ਕਰਨ ‘ਤੇ ਤਹਿਬਾਜ਼ਾਰੀ ਸ਼ਾਖਾ ਮੁੱਖੀ ਤਜਿੰਦਰਪਾਲ ਸਿੰਘ ਪੰਛੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਾ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।