ਲੁਧਿਆਣਾ : ਕੌਮਾਂਤਰੀ ਪੱਧਰ ਦੀ 11ਵੀਂ 4 ਰੋਜ਼ਾ ਮੈਕਆਟੋ ਪ੍ਰਦਰਸ਼ਨੀ ਅੱਜ 11 ਤੋਂ 14 ਮਾਰਚ ਤੱਕ ਲੁਧਿਆਣਾ ਪ੍ਰਦਰਸ਼ਨੀ ਕੇਂਦਰ ਜੀ.ਟੀ. ਰੋਡ ਸਾਹਨੇਵਾਲ ਵਿਖੇ ਲਗਾਈ ਜਾ ਰਹੀ ਹੈ। ਪ੍ਰਦਰਸ਼ਨੀ ‘ਚ 550 ਤੋਂ ਵੱਧ ਕੰਪਨੀਆਂ 1200 ਤੋਂ ਵੱਧ ਉਤਪਾਦ ਪ੍ਰਦਰਸ਼ਿਤ ਕਰਨਗੀਆਂ।
ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਨਾਲ ਮਿਲ ਕੇ ਤੇ ਐਸੋਸੀਏਸ਼ਨ ਆਫ਼ ਲੁਧਿਆਣਾ ਮਸ਼ੀਨ ਟੂਲ ਇੰਡਸਟਰੀਜ਼ (ਅਲਮਾਟੀ) ਅਤੇ ਆਟੋ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਆਫ਼ ਇੰਡੀਆ (ਆਪਮਾ) ਦੇ ਸਹਿਯੋਗ ਨਾਲ ਲਗਾਈ ਜਾਣਾ ਵਾਲੀ ਪ੍ਰਦਰਸ਼ਨੀ ਬਾਰੇ ਗੱਲਬਾਤ ਕਰਦਿਆਂ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਅਤੇ ਉਡਾਣ ਮੀਡੀਆ ਦੇ ਐਮ.ਡੀ. ਜੀ.ਐਸ. ਢਿੱਲੋਂ ਨੇ ਕਿਹਾ ਕਿ ਮੈਕਆਟੋ ਪ੍ਰਦਰਸ਼ਨੀ ਵਿਚ ਮਸ਼ੀਨ ਟੂਲ ਤੇ ਆਟੋਮੇਸ਼ਨ ਤਕਨੀਕ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਭਰ ਤੋਂ ਕੰਪਨੀਆਂ 10 ਹਜ਼ਾਰ ਦੇ ਕਰੀਬ ਆਪਣੇ ਉਤਪਾਦ ਤੇ ਮਸ਼ੀਨਰੀਆਂ ਪ੍ਰਦਰਸ਼ਿਤ ਕਰਨੀਆਂ, ਜਿੰਨ੍ਹਾਂ ਵਿਚੋਂ 850 ਤੋ ਵੱਧ ਮਸ਼ੀਨਾਂ ਦਾ ਲਾਈਵ ਡੈਮੋ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ‘ਚ ਮਸ਼ੀਨ ਟੂਲਸ, ਇੰਜਨੀਅਰਿੰਗ ਮਸ਼ੀਨਰੀ, ਆਟੋਮੇਸ਼ਨ ਤਕਨਾਲੌਜੀ, ਸੀ.ਐਨ.ਸੀ. ਮਸ਼ੀਨਾਂ ਤੇ ਸਿਸਟਮ, ਐਸ.ਪੀ.ਐਮ.ਐਸ., ਸੀ.ਐਨ.ਸੀ. ਪਲਾਜ਼ਮਾ ਲੇਜ਼ਰ ਕਟਿੰਗ ਮਸ਼ੀਨ, ਕਟਿੰਗ ਤੇ ਵੈਲਡਿੰਗ ਮਸ਼ੀਨਾਂ, ਰੋਬੋਟਿਕਸ ਅਤੇ ਹੋਰ ਕਈ ਮਸ਼ੀਨਾਂ ਪ੍ਰਦਰਸ਼ਿਤ ਹੋਣਗੀਆਂ।
ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ‘ਚ ਕਈ ਦੇਸ਼ਾਂ ਦੇ ਰਾਜਦੂਤ ਪੁੱਜ ਰਹੇ ਹਨ, ਜਿਨ੍ਹਾਂ ਵਿਚ ਹਾਈ ਕਮਿਸ਼ਨਰ ਗਾਨਾ, ਹਾਈ ਕਮਿਸ਼ਨ ਆਫ਼ ਰਿਪਬਲਿਕ ਆਫ਼ ਨਾਇਜੀਰੀਆ, ਹਾਈ ਕਮਿਸ਼ਨ ਆਫ਼ ਨਾਮਬੀਆ, ਰਿਪਬਲਿਕ ਕਾਂਗੋ ਦੇ ਦੂਤਾਵਾਸ ਦੇ ਅਧਿਕਾਰੀ, ਰਿਪਬਲਿਕ ਨਾਈਜ਼ਰ ਦੂਤਾਵਾਸ ਦੇ ਅਧਿਕਾਰੀ, ਇਸਲਾਮਿਕ ਰਿਪਬਲਿਕ ਇਰਾਨ ਦੇ ਦੂਤਾਵਾਸ ਦੇ ਅਧਿਕਾਰੀ ਵਿਸ਼ੇਸ਼ ਹਨ। ਇਹ ਸਾਰੇ ਅਧਿਕਾਰੀ ਤੇ ਰਾਜਦੂਤ ਉਦਘਾਟਨੀ ਸਮਾਗਮ ਵਿਚ ਹਿੱਸਾ ਲੈਣਗੇ।