ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਨੇ ਨਾਰੀ ਦਿਵਸ ਮਨਾਉਣ ਲਈ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਜੋਧਾਂ ਦੇ ਪਿੰਡ ਭੂੰਦੜੀ ਵਿਚ ਇਕ ਸਮਾਗਮ ਕਰਾਇਆ। ਇਸ ਵਿਚ 30 ਦੇ ਕਰੀਬ ਪੇਂਡੂ ਬੀਬੀਆਂ ਅਤੇ ਆਂਗਨਵਾੜੀ ਕਰਮੀਆਂ ਨੇ ਹਿੱਸਾ ਲਿਆ।
ਇਸ ਮੌਕੇ ਵਿਭਾਗ ਦੇ ਮੁਖੀ ਡਾ ਕਿਰਨਜੋਤ ਸਿੱਧੂ ਨੇ ਕਿਹਾ ਕਿ ਔਰਤ ਦੀ ਆਰਥਿਕ ਸਮਾਜਿਕ ਮਜ਼ਬੂਤੀ ਅੱਜ ਦੇ ਸਮੇਂ ਦੀ ਲੋੜ ਹੈ। ਉਨਾਂ ਕਿਹਾ ਕਿ ਖੇਤੀ ਖੇਤਰ ਵਿਚ ਔਰਤਾਂ ਦਾ ਯੋਗਦਾਨ ਮਰਦਾਂ ਦੇ ਬਰਾਬਰ ਦਾ ਅਹਿਮ ਹੈ ਪਰ ਇਸ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਇਸ ਖੇਤਰ ਵਿਚ ਔਰਤਾਂ ਸਾਮ੍ਹਣੇ ਮਰਦਾਂ ਦੇ ਮੁਕਾਬਲੇ ਚੁਣੌਤੀਆਂ ਵੀ ਵੱਧ ਹਨ।
ਡਾ ਸੁਖਦੀਪ ਕੌਰ ਮਾਨ ਨੇ ਦੱਸਿਆ ਕਿ ਇਸ ਵਰ੍ਹੇ ਦੇ ਨਾਰੀ ਦਿਵਸ ਦਾ ਉਦੇਸ਼ ਬਿਹਤਰ ਭਲਕ ਲਈ ਲਿੰਗਕ ਸਮਾਨਤਾ ਨੂੰ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਔਰਤਾਂ ਨੂੰ ਖੇਤੀ ਉਦਯੋਗਿਕ ਧੰਦਿਆਂ ਵਿਚ ਵੱਧ ਸ਼ਮੂਲੀਅਤ ਲਈ ਉਤਸ਼ਾਹਿਤ ਵੀ ਕੀਤਾ। ਡਾ ਮਨਦੀਪ ਸ਼ਰਮਾ ਨੇ ਪੀ ਏ ਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਲੋਂ ਔਰਤਾਂ ਦੇ ਸਿਖਲਾਈ ਦੇ ਕੰਮਾਂ ਉੱਪਰ ਚਾਨਣਾ ਪਾਇਆ।