ਲੁਧਿਆਣਾ : ਗੁਰੂ ਨਾਨਕ ਦੇਵ ਇੰਜੀਨਅਰਿੰਗ ਕਾਲਜ ਵਿਖੇ 61ਵੀਂ ਸਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਵਲੋਂ ਮਾਰਚ ਪਾਸਟ ਅਤੇ ਉਲੰਪਿਕ ਟਾਰਚ ਜਗ੍ਹਾ ਕੇ ਕੀਤੀ ਗਈ।
ਖੇਡ ਸਮਾਗਮ ‘ਚ ਗੁਰਬਕਸ਼ੀਸ਼ ਸਿੰਘ ਗਿੱਲ ਸੀਨੀਅਰ ਵਾਤਾਵਰਨ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਬੋਰਡ, ਡਾ. ਵਿਸ਼ਵਜੀਤ ਸਿੰਘ ਹਾਂਸ, ਹਰਦੀਪ ਸਿੰਘ ਗਰੇਵਾਲ, ਹਾਕੀ ਉਲੰਪੀਅਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਝੰਡਾ ਲਹਿਰਾ ਕੇ ਸਪੋਰਟਸ ਮੀਟ ਦੀ ਆਰੰਭਤਾ ਕੀਤੀ।
ਇਸ ਮੌਕੇ ਗੁਰਬਕਸ਼ੀਸ਼ ਸਿੰਘ ਨੇ ਅਥਲੀਟਾਂ ਨੂੰ ਨਿਰਪੱਖ ਖੇਡ ਤਹਿਤ ਟੀਮ ਵਰਕ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਖੇਡ ਗਤੀਵਿਧੀਆਂ ਨੂੰ ਸਰੀਰਕ ਤੇ ਮਾਨਸਿਕ ਵਿਕਾਸ ਲਈ ਵੀ ਬਹੁਤ ਜ਼ਰੂਰੀ ਦੱਸਿਆ। ਇਸ ਦੌਰਾਨ ਕਾਲਜ ਭੰਗੜਾ ਟੀਮ ਵਲੋਂ ਇਕ ਪ੍ਰਭਾਵਸ਼ਾਲੀ ਪੇਸ਼ਕਾਰੀ ਵੀ ਕੀਤੀ ਗਈ।
ਸਪੋਰਟਸ ਮੀਟ ਦੇ ਪਹਿਲੇ ਦਿਨ 1500 ਮੀਟਰ, 100 ਮੀਟਰ, 110 ਮੀਟਰ ਹਰਡਲਜ਼, ਜੈਵਲਿਨ ਥਰੋਅ, ਹਾਈ ਜੰਪ, ਟਰਿਪਲ ਜੰਪ, ਸ਼ਾਟ ਪੁੱਟ ਆਦਿ ਮੁਕਾਬਲੇ ਕਰਵਾਏ ਗਏ। ਡਾ. ਸਹਿਜਪਾਲ ਸਿੰਘ ਪਿ੍ੰਸੀਪਲ ਨੇ ਪ੍ਰੋਗਰਾਮ ਦੀ ਸਫਲ ਸ਼ੁਰੂਆਤ ਲਈ ਪ੍ਰਮਾਤਮਾ ਦਾ ਧੰਨਵਾਦ ਕੀਤਾ ਤੇ ਉਚੇਚੇ ਤੌਰ ‘ਤੇ ਪੁੱਜੇ ਮਹਿਮਾਨਾਂ ਦਾ ਸਵਾਗਤ ਕੀਤਾ। ਇੰਦਰਪਾਲ ਸਿੰਘ ਡਾਇਰੈਕਟਰ, ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਦੇ ਅਹਿਮ ਯੋਗਦਾਨ ਬਾਰੇ ਚਾਨਣਾ ਪਾਇਆ।