ਪੰਜਾਬੀ
10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ – ਜ਼ਿਲ੍ਹਾ ਚੋਣ ਅਫ਼ਸਰ
Published
3 years agoon
ਲੁਧਿਆਣਾ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਭਰੋਸਾ ਦਿੱਤਾ ਕਿ ਜ਼ਿਲ੍ਹਾ ਲੁਧਿਆਣਾ ਦੇ ਸਾਰੇ 14 ਗਿਣਤੀ ਕੇਂਦਰਾਂ ‘ਤੇ 10 ਮਾਰਚ 2022 ਨੂੰ ਹੋਣ ਵਾਲੀਆਂ ਵੋਟਾਂ ਦੀ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਡਿਪਟੀ ਕਮਿਸ਼ਨਰ ਕਿਹਾ ਕਿ ਗਿਣਤੀ ਕੇਂਦਰਾਂ ਦੇ ਅੰਦਰ ਅਤੇ ਬਾਹਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਲੋੜੀਂਦੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਰਾਹੀਂ ਗਿਣਤੀ ਤੋਂ ਬਾਅਦ ਹਰੇਕ ਵਿਧਾਨ ਸਭਾ ਹਲਕੇ 2 ਵੀਵੀਪੈਟ ਮਸ਼ੀਨਾਂ ਰੈਂਡਮਲੀ ਚੁਣ ਕੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਈ.ਵੀ.ਐਮ. ਅਤੇ ਵੀਵੀਪੈਟ ਮਸ਼ੀਨਾਂ ਲਗਾਤਾਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਹਨ ਅਤੇ ਪੰਜਾਬ ਪੁਲਿਸ, ਪੰਜਾਬ ਆਰਮਡ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵਲੋਂ ਤਿੰਨ ਪੜਾਅ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 10 ਮਾਰਚ ਨੂੰ ਸਵੇਰੇ 8 ਵਜੇ ਸਾਰੇ 14 ਗਿਣਤੀ ਕੇਂਦਰਾਂ ਵਿੱਚ ਇੱਕੋ ਸਮੇਂ ਸੁ਼ਰੂ ਹੋਵੇਗੀ।
ਉਨ੍ਹਾ ਦੱਸਿਆ ਕਿ 10 ਮਾਰਚ ਨੂੰ ਗਿਣਤੀ ਕੇਂਦਰਾਂ ਵਾਲੇ ਸਮੂਹ ਵਿਦਿਅਕ ਅਦਾਰਿਆਂ ਵਿੱਚ ਟੀਚਿੰਗ, ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ 10 ਮਾਰਚ ਨੂੰ ਡਰਾਈ ਡੇਅ ਦਾ ਵੀ ਐਲਾਨ ਕੀਤਾ ਗਿਆ ਹੈ
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਗਿਣਤੀ ਕੇਂਦਰਾਂ ਦੀ ਹਦੂਦ ਅੰਦਰ ਸਥਾਪਿਤ ਕੀਤੇ ਮੀਡੀਆ ਰੂਮਾਂ ਦਾ ਵੀ ਜਾਇਜ਼ਾ ਲਿਆ ਅਤੇ ਕਿਹਾ ਕਿ ਕਿਸੇ ਨੂੰ ਵੀ ਗਿਣਤੀ ਕੇਂਦਰਾਂ ਅੰਦਰ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਮੀਡੀਆ ਕਰਮੀਆਂ ਨੂੰ ਮੋਬਾਈਲ ਫੋਨਾਂ ਦੀ ਵਰਤੋਂ ਕਰਕੇ ਫੋਟੋਆਂ ਜਾਂ ਵੀਡੀਓ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਗਿਣਤੀ ਕੇਂਦਰਾਂ ਦੇ ਅੰਦਰ ਸਿਰਫ਼ ਵੀਡੀਓ/ਸਟਿਲ ਕੈਮਰੇ ਹੀ ਲੈ ਕੇ ਜਾਣ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਮੀਡੀਆ ਕਰਮੀਆਂ ਲਈ ਗਿਣਤੀ ਵਾਲੇ ਕਮਰਿਆਂ ਵਿੱਚ ਮੋਬਾਇਲ ਲੈ ਕੇ ਜਾਣ ਦੀ ਇਜਾਜਤ ਨਹੀਂ ਹੋਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਕਾਉਂਟਿੰਗ ਅਬਜ਼ਰਵਰ ਤੋਂ ਇਲਾਵਾ ਕਿਸੇ ਨੂੰ ਵੀ (ਉਮੀਦਵਾਰ ਜਾਂ ਰਿਟਰਨਿੰਗ ਅਫ਼ਸਰ/ਸਹਾਇਕ ਰਿਟਰਨਿੰਗ ਅਫ਼ਸਰ ਆਦਿ ਵੀ ਨਹੀਂ) ਕਾਊਂਟਿੰਗ ਹਾਲ ਦੇ ਅੰਦਰ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਗਿਣਤੀ ਰੂਮ ਵਿੱਚ ਨਿਰਵਿਘਨ ਗਿਣਤੀ ਲਈ ਕੁੱਲ 14 ਕਾਊਂਟਿੰਗ ਟੇਬਲ (ਹਰੇਕ ਪਾਸੇ 7-7) ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਤੀਜਿਆਂ ਦੇ ਐਲਾਨ ਤੋਂ ਬਾਅਦ ਕੋਈ ਵੀ ਜਿੱਤ ਦਾ ਜਲੂਸ ਨਹੀਂ ਕੱਢਣ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 14 ਕਾਊਂਟਿੰਗ ਅਬਜ਼ਰਵਰਾਂ ਦੀ ਦੇਖ ਰੇਖ ਵਿੱਚ ਨੇਪਰੇ ਚਾੜ੍ਹੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਖੰਨਾ ਹਲਕੇ ਵਿੱਚ 14 ਰਾਊਂਡ, ਸਮਰਾਲਾ ਵਿੱਚ 16 ਰਾਊਂਡ, ਸਾਹਨੇਵਾਲ ਵਿੱਚ 21 ਰਾਊਂਡ, ਲੁਧਿਆਣਾ ਪੂਰਬੀ ਵਿੱਚ 17 ਰਾਊਂਡ, ਲੁਧਿਆਣਾ ਦੱਖਣੀ ਵਿੱਚ 13 ਰਾਊਂਡ, ਆਤਮ ਨਗਰ ਵਿੱਚ 13 ਰਾਊਂਡ, ਲੁਧਿਆਣਾ ਕੇਂਦਰੀ ਵਿੱਚ 13 ਰਾਊਂਡ, ਲੁਧਿਆਣਾ ਪੱਛਮੀ ਵਿੱਚ 15 ਰਾਊਂਡ, ਉੱਤਰੀ ਲੁਧਿਆਣਾ ਵਿੱਚ 15 ਰਾਊਂਡ, ਗਿੱਲ ਦੇ 22 ਰਾਊਂਡ, ਪਾਇਲ ਦੇ 15 ਰਾਊਂਡ, ਦਾਖਾ ਦੇ 16 ਰਾਊਂਡ, ਰਾਏਕੋਟ ਦੇ 14 ਰਾਊਂਡ ਅਤੇ ਜਗਰਾਉਂ ਹਲਕੇ ਦੇ 15 ਰਾਊਂਡ ਹੋਣਗੇ।
You may like
-
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਾ ਪੁੱਤਰ ਲਾਪਤਾ, ਪੁਲਿਸ ਪ੍ਰਸ਼ਾਸਨ ‘ਚ ਮਚੀ ਹਫੜਾ-ਦਫੜੀ
-
ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਤੀਜੇ ਦਿਨ ਸਦਨ ‘ਚ ਉਠਿਆ ਇਹ ਮੁੱਦਾ
-
ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ, ਹੰਗਾਮੇ ਦੀ ਸੰਭਾਵਨਾ
-
ਆਇਰਲੈਂਡ ਦੇ ਰਾਜਦੂਤ ਨੇ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਕੀਤੀ ਮੁਲਾਕਾਤ
-
ਦੁਖਦਾਈ ਖ਼ਬਰ: ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਦਾ ਦੇ/ਹਾਂਤ
-
ਪੰਜਾਬ ਵਿਧਾਨ ਸਭਾ ‘ਚ ਗਰਜਿਆ CM ਮਾਨ, ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ