ਲੁਧਿਆਣਾ : ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਮਾਣੂੰਕੇ ਵਲੋਂ ਸਮੂਹ ਨਗਰ ਨਿਵਾਸੀ, ਪੰਚਾਇਤ, ਐੱਨ.ਆਰ.ਆਈ ਵੀਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਜੌੜੀਆਂ ਸਾਹਿਬ ਮਾਣੂੰਕੇ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਦੀ ਯਾਦ ਨੂੰ ਸਮਰਪਿਤ ਦੂਜਾ ਮਹਾਨ ਗੱਤਕਾ ਕੱਪ ਕਰਵਾਇਆ ਗਿਆ। ਮੁੱਖ ਪ੍ਰਬੰਧਕ ਗਿਆਨੀ ਜਸਵੀਰ ਸਿੰਘ ਦੀ ਦੇਖ-ਰੇਖ ਹੇਠ ਹੋਏ।
ਇਨ੍ਹਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਪ੍ਰਬੰਧਕ ਗਿਆਨੀ ਜਸਵੀਰ ਸਿੰਘ ਤੇ ਗੁਰਜੀਤ ਸਿੰਘ ਰਾਜਾ ਨੇ ਦੱਸਿਆ ਕਿ ਕੁੱਲ 11 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿਚ ਪ੍ਰਦਰਸ਼ਨੀ ਮੁਕਾਬਲੇ ਵਿਚੋਂ ਇੰਟਰਨੈਸ਼ਨਲ ਨਿਰਵੈਰ ਖ਼ਾਲਸਾ ਗੱਤਕਾ ਅਖਾੜਾ ਰਾਜਪੁਰਾ ਦੀ ਟੀਮ ਪਹਿਲੇ ਸਥਾਨ ‘ਤੇ ਰਹੀ, ਜਦਕਿ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਗੱਤਕਾ ਅਖਾੜਾ ਹਸਨਪੁਰ ਦੀ ਟੀਮ ਦੂਜੇ ਅਤੇ ਸਰਦਾਰ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਭੁੱਚੋ ਖੁਰਦ ਦੀ ਟੀਮ ਤੀਜੇ ਸਥਾਨ ‘ਤੇ ਰਹੀ।
ਇਸੇ ਤਰ੍ਹਾਂ ਫਾਈਟ ਮੁਕਾਬਲੇ ਵਿਚ ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ ਹਠੂਰ ਦੀ ਟੀਮ ਪਹਿਲੇ, ਚੜ੍ਹਦੀ ਕਲਾ ਗੱਤਕਾ ਅਖਾੜਾ ਲੁਧਿਆਣਾ ਦੂਸਰੇ ਅਤੇ ਸੁਰਜੀਤ ਗੱਤਕਾ ਅਖਾੜਾ ਭਿੰਡਰ ਕਲਾਂ ਦੀ ਤੀਜੇ ਦਰਜੇ ‘ਤੇ ਰਹੀ। ਵਿਅਕਤੀਗਤ ਫਲਾਈ ਮੁਕਾਬਲੇ ਵਿਚੋਂ ਹਸਨਪੁਰ, ਭਿੰਡਰ ਕਲਾਂ ਤੇ ਰਾਜਪੁਰਾ ਦੀਆਂ ਟੀਮਾਂ ਕ੍ਰਮਵਾਰ ਪਹਿਲੀਆਂ ਤਿੰਨ ਪੁਜੀਸ਼ਨਾਂ ‘ਤੇ ਰਹੀਆਂ।
ਮੁੱਖ ਪ੍ਰਬੰਧਕ ਗਿਆਨੀ ਜਸਵੀਰ ਸਿੰਘ ਤੇ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਇਸ ਮੌਕੇ ਸਮੂਹ ਗੱਤਕਾ ਟੀਮਾਂ ਦੇ ਖਿਡਾਰੀ ਸਿੰਘਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਸਮੇਂ ਦੀ ਵੱਡੀ ਲੋੜ ਹੈ ਕਿ ਅਜਿਹੇ ਗੱਤਕਾ ਮੁਕਾਬਲੇ ਪਿੰਡ ਪਿੰਡ ਕਰਵਾਏ ਜਾਣ ਤਾਂ ਜੋ ਸਾਡੇ ਬੱਚੇ ਸਿੱਖੀ ਨਾਲ ਜੁੜ ਸਕਣ।