ਲੁਧਿਆਣਾ : ਜ਼ਿਲ੍ਹਾ ਅਕਾਲੀ ਜੱਥੇ ਦੀ ਇਕ ਅਹਿਮ ਮੀਟਿੰਗ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਸੱਦੀ ਗਈ, ਜਿਸ ਵਿਚ ਲੁਧਿਆਣਾ ਤੋਂ ਜ਼ਿਲ੍ਹਾ ਅਕਾਲੀ ਜੱਥੇ ਦੇ ਪ੍ਰਧਾਨ ਜਥੇ. ਹਰਭਜਨ ਸਿੰਘ ਡੰਗ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਅਹੁਦੇਦਾਰ ਅਤੇ ਵਰਕਰ ਪਹੁੰਚੇ। ਸ. ਬਾਦਲ ਨੇ ਅਕਾਲੀ ਅਹੁਦੇਦਾਰਾਂ ਅਤੇ ਵਰਕਰਾਂ ਤੋਂ ਚੋਣਾਂ ਦਰਮਿਆਨ ਹੋਈਆਂ ਸਰਗਰਮੀਆਂ ਬਾਰੇ ਜਾਣਕਾਰੀ ਲਈ।
ਬਾਦਲ ਨੇ ਕਿਹਾ ਕਿ ਲੋਕਾਂ ਨੇ ਅਕਾਲੀ ਦਲ ਨੂੰ ਚੋਣਾਂ ਦਰਮਿਆਨ ਵੱਡਾ ਫਤਵਾ ਦਿੱਤਾ ਹੈ, ਜਿਸ ਤੋਂ ਸਾਫ ਹੈ ਕਿ ਅਕਾਲੀ ਦਲ ਪੰਜਾਬ ਵਿਚ ਘੱਟੋ-ਘੱਟ 80 ਦੇ ਕਰੀਬ ਸੀਟਾਂ ਜਿੱਤ ਕੇ ਆਪਣੀ ਸਰਕਾਰ ਬਣਾਵੇਗਾ ਅਤੇ ਪੰਜਾਬ ਵਿਚ ਵਿਕਾਸ ਕਾਰਜ ਮੁੜ ਤੋਂ ਆਰੰਭੇ ਜਾਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਦਲ ਦੇ ਉਨ੍ਹਾਂ ਮਿਹਨਤੀ ਵਰਕਰਾਂ ਅਤੇ ਅਹੁਦੇਦਾਰਾਂ ਜਿਹਨਾਂ ਨੇ ਕਿ ਚੋਣਾਂ ਵਿਚ ਵੱਡੀ ਜ਼ਿੰਮੇਵਾਰੀ ਨਿਭਾਈ ਹੈ, ਨੂੰ ਵੱਡਾ ਮਾਣ-ਸਨਮਾਨ ਦਿੱਤਾ ਜਾਵੇਗਾ।
ਇਸ ਮੌਕੇ ਹਲਕਾ ਆਤਮ ਨਗਰ ਤੋਂ ਉਮੀਦਵਾਰ ਹਰੀਸ਼ ਰਾਏ ਢਾਂਡਾ, ਹਲਕਾ ਸੈਂਟਰਲ ਤੋਂ ਉਮੀਦਵਾਰ ਪ੍ਰਧਾਨ ਪਿ੍ਤਪਾਲ ਸਿੰਘ, ਹਲਕਾ ਉੱਤਰੀ ਤੋਂ ਉਮੀਦਵਾਰ ਆਰ.ਡੀ. ਸਰਮਾ, ਬਾਬਾ ਅਜੀਤ ਸਿੰਘ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਦਲ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਐਸ.ਐਸ., ਕਮਲ ਚੇਟਲੀ, ਜੀਵਨ ਧਵਨ, ਪੀ.ਏ.ਸੀ. ਮੈਂਬਰ ਬਲਜਿੰਦਰ ਸਿੰਘ ਪਨੇਸਰ, ਸਾਬਕਾ ਚੇਅਰਮੈਨ ਜਗਬੀਰ ਸਿੰਘ ਸੋਖੀ, ਪੂਰਵਾਂਚਲ ਵਿੰਗ ਦੇ ਪ੍ਰਧਾਨ ਰਾਜੇਸ ਮਿਸਰਾ, ਨਰਿੰਦਰ ਨੋਨਾ, ਸੁਖਦੇਵ ਸਿੰਘ ਰਾਜ ਆਦਿ ਵੀ ਹਾਜ਼ਰ ਸਨ।