ਲੁਧਿਆਣਾ : ਮੈਰੀਟੋਰੀਅਸ ਸਕੂਲਾਂ ‘ਚ ਦਾਖਲਾ: ਸੁਸਾਇਟੀ ਫਾਰ ਪ੍ਰਮੋਸ਼ਨ ਆਫ ਕੁਆਲਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਨੇ ਸੂਬੇ ਭਰ ਵਿੱਚ ਚੱਲ ਰਹੇ 10 ਮੈਰੀਟੋਰੀਅਸ ਸਕੂਲਾਂ ਵਿੱਚ ਸੈਸ਼ਨ 2022-23 ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਜਲਦਬਾਜ਼ੀ ਵਿੱਚ ਸ਼ੁਰੂ ਕਰ ਦਿੱਤਾ ਸੀ। ਵਿਭਾਗ ਨੇ 21 ਫਰਵਰੀ ਤੋਂ ਇਨ੍ਹਾਂ ਸਕੂਲਾਂ ਵਿਚ ਨਵੇਂ ਸੈਸ਼ਨ ਲਈ ਰਜਿਸਟ੍ਰੇਸ਼ਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਪਰ ਇਕ ਹਫਤੇ ਤੱਕ ਨਵੇਂ ਸੈਸ਼ਨ ਦਾ ਲਿੰਕ ਵੈੱਬਸਾਈਟ ‘ਤੇ ਅਪਡੇਟ ਨਹੀਂ ਕੀਤਾ ਗਿਆ।
ਹੁਣ ਮਾਰਚ ਮਹੀਨੇ ਚ ਲਿੰਕ ਅਪਡੇਟ ਹੋ ਗਿਆ ਹੈ ਤਾਂ ਸਿਰਫ 9ਵੀਂ ਕਲਾਸ ਲਈ ਹੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ, ਜਦਕਿ 11ਵੀਂ ਅਤੇ 12ਵੀਂ ਦੀ ਰਜਿਸਟ੍ਰੇਸ਼ਨ ਅਜੇ ਸ਼ੁਰੂ ਨਹੀਂ ਹੋਈ ਹੈ। ਦੱਸ ਦੇਈਏ ਕਿ ਸੂਬੇ ਭਰ ‘ਚ ਲੁਧਿਆਣਾ, ਜਲੰਧਰ, ਪਟਿਆਲਾ, ਬਠਿੰਡਾ, ਫਿਰੋਜ਼ਪੁਰ, ਅੰਮ੍ਰਿਤਸਰ, ਮੋਹਾਲੀ, ਤਲਵਾੜਾ, ਗੁਰਦਾਸਪੁਰ, ਸੰਗਰੂਰ ‘ਚ 10 ਮੈਰੀਟੋਰੀਅਸ ਸਕੂਲ ਚਲਾਏ ਜਾ ਰਹੇ ਹਨ।
ਸੂਬੇ ਭਰ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਕਾਮਰਸ, ਮੈਡੀਕਲ ਅਤੇ ਨਾਨ-ਮੈਡੀਕਲ ਸਟ੍ਰੀਮ ਵਿੱਚ 4600 ਸੀਟਾਂ ਹਨ। ਇਹ ਪਹਿਲਾ ਮੌਕਾ ਹੈ ਜਦੋਂ ਵਿਦਿਆਰਥੀ ਮੈਰੀਟੋਰੀਅਸ ਸਕੂਲਾਂ ਵਿੱਚ 12ਵੀਂ ਜਮਾਤ ਲਈ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਇਸ ਤੋਂ ਪਹਿਲਾਂ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 12ਵੀਂ ਜਮਾਤ ਵਿਚ ਪ੍ਰਮੋਟ ਕੀਤਾ ਗਿਆ ਸੀ। ਸੁਸਾਇਟੀ ਵੱਲੋਂ ਹੀ ਜਾਰੀ ਨੋਟੀਫਿਕੇਸ਼ਨ ਅਨੁਸਾਰ ਜੇਕਰ ਮੈਰੀਟੋਰੀਅਸ ਸਕੂਲਾਂ ਲਈ ਰਜਿਸਟ੍ਰੇਸ਼ਨ ਕਰਵਾਉਣੀ ਹੈ ਤਾਂ ਇਹ 31 ਮਾਰਚ ਤੱਕ ਹੀ ਆਨਲਾਈਨ ਕੀਤੀ ਜਾ ਸਕਦੀ ਹੈ।
ਮੈਰੀਟੋਰੀਅਸ ਸੁਸਾਇਟੀ ਦੇ ਸਹਾਇਕ ਪ੍ਰੋਜੈਕਟ ਡਾਇਰੈਕਟਰ ਮਨੋਜ ਨੇ ਦੱਸਿਆ ਕਿ ਤਕਨੀਕੀ ਖ਼ਰਾਬੀ ਕਾਰਨ 11ਵੀਂ ਤੇ 12ਵੀਂ ਜਮਾਤ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਚ ਦਿੱਕਤ ਆ ਰਹੀ ਹੈ। ਇਸ ‘ਤੇ ਕੰਮ ਚੱਲ ਰਿਹਾ ਹੈ। ਇਸ ਨੂੰ ਇੱਕ ਜਾਂ ਦੋ ਦਿਨਾਂ ਵਿੱਚ ਠੀਕ ਕਰ ਦਿੱਤਾ ਜਾਵੇਗਾ। ਜਿੱਥੋਂ ਤੱਕ ਫਰਵਰੀ ਵਿਚ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਹੈ, ਇਸ ਵਾਰ ਸਾਰਾ ਧਿਆਨ 12ਵੀਂ ਜਮਾਤ ਲਈ ਵਿਦਿਆਰਥੀਆਂ ਦੀਆਂ ਸੀਟਾਂ ਭਰਨ ‘ਤੇ ਹੋਵੇਗਾ।