ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਰੋਕ ਕੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਦੋਗਲਾਪਣ ਤੇ ਇਸ ਦਾ ਪੰਜਾਬ ਵਿਰੋਧੀ ਸਟੈਂਡ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਭਗਵੰਤ ਮਾਨ ਨੂੰ ਪੰਜਾਬੀਆਂ ਨੂੰ ਜਵਾਬ ਦੇਣੇ ਪੈਣਗੇ ਕਿ ਉਨ੍ਹਾਂ ਦੀ ਪਾਰਟੀ ਸਿੱਖ ਅਤੇ ਪੰਜਾਬੀ ਵਿਰੋਧੀ ਕਿਉਂ ਹੈ?
ਦਿੱਲੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ ਵੱਲੋਂ ਪ੍ਰੋ. ਭੁੱਲਰ ਦੀ ਰਿਹਾਈ ਲਈ ਸਿਫਾਰਸ਼ ਕਰਨ ਤੋਂ ਇਨਕਾਰ ਕਰਨ ’ਤੇ ਰੋਹ ‘ਚ ਪ੍ਰਤੀਕਰਮ ਦਿੰਦਿਆਂ ਬਾਦਲ ਨੇ ਕਿਹਾ ਕਿ ਇਹ ਪੰਜਾਬੀਆਂ ਲਈ ਅਸਲੀਅਤ ਪਰਖਣ ਦਾ ਪਹਿਲਾ ਮੌਕਾ ਹੈ ਜਿਨ੍ਹਾਂ ਨੇ ਕੇਜਰੀਵਾਲ ਵੱਲੋਂ ਚੋਣਾਂ ਦੌਰਾਨ ਪ੍ਰੋ. ਭੁੱਲਰ ਨੂੰ ਰਿਹਾਅ ਕਰਨ ਦੇ ਵਾਅਦਿਆਂ ’ਤੇ ਵਿਸ਼ਵਾਸ ਕੀਤਾ। ਕੇਜਰੀਵਾਲ ਤਾਂ ਪਹਿਲਾਂ ਹੀ ਸਿੱਖ ਵਿਰੋਧੀ ਮਾਨਸਿਕਤਾ ਦਾ ਧਾਰਨੀ ਹੈ।
ਬਾਦਲ ਨੇ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਅਕਾਲੀ ਦਲ ਵੱਲੋਂ ‘ਆਪ’ ਕਨਵੀਨਰ ਤੇ ਇਸ ਦੇ ਕੌਮੀ ਮੁਖੀ ਖ਼ਿਲਾਫ਼ ਲਗਾਏ ਜਾ ਰਹੇ ਆਰੋਪ ਸੱਚੇ ਸਾਬਤ ਹੋ ਰਹੇ ਹਨ। ਭਾਵੇਂ ਕੇਜਰੀਵਾਲ ਨੇ ਸਜ਼ਾ ਸਮੀਖਿਆ ਬੋਰਡ ਨੂੰ ਮੀਟਿੰਗ ਕਰਕੇ ਪ੍ਰੋ. ਭੁੱਲਰ ਦੀ ਰਿਹਾਈ ਬਾਰੇ ਫੈਸਲਾ ਲੈਣ ਨੂੰ ਕਿਹਾ ਸੀ ਪਰ ਜਿਵੇਂ ਹੀ ਚੋਣਾਂ ਮੁੱਕੀਆਂ, ਉਸ ਨੇ ਆਪਣਾ ਅਸਲ ਰੰਗ ਵਿਖਾ ਦਿੱਤਾ ਤੇ ਇਸ ਵਾਸਤੇ ਕੋਈ ਬਹੁਤਾ ਸਮਾਂ ਨਹੀਂ ਲੱਗਾ ਤੇ ਬਿੱਲੀ ਥੈਲਿਓਂ ਬਾਹਰ ਆ ਗਈ।
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਕੇਜਰੀਵਾਲ ਨੂੰ ਬੇਨਕਾਬ ਕਰ ਦਿੱਤਾ ਤੇ ਉਸ ਦੀ ਆਪਣੀ ਸਰਕਾਰ ਦੇ ਫੈਸਲਿਆਂ ਦੀ ਕਾਪੀ ਜਾਰੀ ਕੀਤੀ ਤਾਂ ਉਸ ਨੇ ਮੰਨ ਲਿਆ ਕਿ ਇਹ ਮਾਮਲਾ ਉਸ ਦੀ ਸਰਕਾਰ ਦੇ ਅਧੀਨ ਹੈ ਤੇ ਉਸ ਦੀ ਸਰਕਾਰ ਨੇ ਹੀ ਪ੍ਰੋ. ਭੁੱਲਰ ਦੀ ਰਿਹਾਈ ਰੋਕੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਆਪਣੇ ਗ੍ਰਹਿ ਮੰਤਰੀ ਸਤੇਂਦਰ ਜੈਨ ਦੀ ਅਗਵਾਈ ਵਾਲੀ ਕਮੇਟੀ ਤੋਂ ਇਹ ਫੈਸਲਾ ਬਦਲਾਵੇਗਾ।