ਲੁਧਿਆਣਾ : ਬੁੱਢਾ ਦਰਿਆ ਜੋਂ ਕੂਮ ਕਲਾਂ ਪਿੰਡ ’ਚੋਂ ਨਿਕਲਦਾ ਹੈ ਅਤੇ ਧਨਾਨਸੂ ਪਿੰਡ ਵਿਚ ਇਕ ਹੋਰ ਜਲਧਾਰਾ ਨੂੰ ਆਪਣੇ ਆਪ ਵਿਚ ਸਮਾਉਣ ਤੋ ਬਾਅਦ ਇਸ ਦਾ ਸਫਰ ਸਨਅਤੀ ਸ਼ਹਿਰ ਲੁਧਿਆਣਾ ਵੱਲ ਨੂੰ ਹੋਣਾ ਸ਼ੁਰੂ ਹੁੰਦਾ ਹੈ।1964 ਤੋਂ ਪਹਿਲਾਂ ਇਹ ਦਰਜਨਾਂ ਕਿਸਮਾਂ ਦੀਆਂ ਮੱਛੀਆਂ ਵਾਲਾ ਇੱਕ ਤਾਜ਼ੇ ਪਾਣੀ ਦਾ ਸਰੋਤ ਸੀ ਪਰ ਬਦਕਿਸਮਤੀ ਨਾਲ ਹੁਣ ਇਸ ਦੀ ਜਲਧਾਰਾ ਜ਼ਹਿਰੀਲੇ ਕੈਮੀਕਲ ਕਾਰਨ ਮੱਛੀ ਤਾਂ ਕਿ ਮਨੁੱਖੀ ਜਿੰਦੜੀਆ ਲਈ ਵੀ ਘਾਤਕ ਬਣ ਗਈ ਹੈ।
ਇਸ ਦਾ ਜ਼ਹਿਰੀਲਾ ਪਾਣੀ ਹੁਣ ਸਨਅਤੀ ਸ਼ਹਿਰ ਦੇ ਵਸਨੀਕਾਂ ਹੀ ਨਹੀ ਦੱਖਣੀ ਪੰਜਾਬ ਦੇ ਨਾਲ-ਨਾਲ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਨੂੰ ਵੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵੰਡ ਰਿਹਾ ਹੈ। ਸਾਰੇ ਸ਼ਹਿਰ ਦੀ ਗੰਦਗੀ ਨੂੰ ਆਪਣੇ ਆਪ ਵਿਚ ਸਮੇਟ ਕੇ ਅਤੇ ਅਣਗਿਣਤ ਬਿਮਾਰੀਆਂ ਦਾ ਸਰੋਤ ਬਣ ਕੇ ਇਹ ਮੁੱੜ ਪਿੰਡ ਵਲੀਪੁਰ ਕਲਾਂ ਵਿਖੇ ਜਾ ਕੇ ਸਤਲੁਜ ਵਿਚ ਮਿਲ ਜਾਂਦਾ ਹੈ।
ਦੱਖਣੀ-ਪੱਛਮੀ ਪੰਜਾਬ ਦਾ ਜ਼ਿਆਦਾਤਰ ਹਿੱਸਾ ਸਿੰਚਾਈ ਲਈ ਸਤਲੁਜ ਦਰਿਆ ਅਤੇ ਇਸ ਦੀਆਂ ਸਹਾਇਕ ਨਹਿਰਾਂ ’ਤੇ ਨਿਰਭਰ ਕਰਦਾ ਹੈ ਅਤੇ ਇਹ ਬੁੱਢਾ ਦਰਿਆ ਬਹੁਤ ਹੀ ਪ੍ਰਦੁਸ਼ਨ ਯੁਕਤ ਪਾਣੀ ਜੋ ਆਪਣੇ ਆਪ ਵਿਚ ਕਈ ਜ਼ਹਿਰੀਲੇ ਕੈਮੀਕਲ, ਸਨਅਤੀ ਰਹਿੰਦ-ਖੂੰਦ ਤੇ ਜੈਵਿਕ ਕੂੜਾ ਸਮੋਈ ਬੈਠਾ ਹੁੰਦਾ ਹੈ, ਸਤਲੁਜ ਦੀ ਗੋਦ ਵਿਚ ਜਾ ਸਮਾਉਂਦਾ ਹੈ।
ਸਤਲੁਜ ਦਾ ਸਾਫ ਪਾਣੀ ਜੋ ਸਿੰਚਾਈ ਦੇ ਨਾਲ-ਨਾਲ ਕਈ ਜ਼ਿਲ੍ਹਿਆਂ ਨੂੰ ਪੀਣ ਵਾਲੇ ਪਾਣੀ ਦੀ ਪੂਰਤੀ ਵੀ ਕਰਦਾ ਹੈ, ਨੂੰ ਬੂਰੀ ਤਰ੍ਹਾਂ ਦੂਸ਼ਿਤ ਕਰਕੇ ਕੈਂਸਰ ਤੇ ਹੋਰ ਜਾਨਲੇਵਾ ਬਿਮਾਰੀਆ ਦਾ ਕਾਰਨ ਬਣਦਾ ਹੈ। ਬੁੱਢੇ ਨਾਲੇ ਦਾ ਪਾਣੀ ਫ਼ਿਰੋਜ਼ਪੁਰ ਨੇੜੇ ਹਰੀਕੇ ਵਾਟਰ ਵਰਕਸ ਤੋਂ ਬਾਅਦ ਵੱਖ-ਵੱਖ ਨਹਿਰਾਂ ਵਿਚ ਦਾਖਲ ਹੁੰਦਾ ਹੈ, ਇਸ ਤਰ੍ਹਾਂ ਦੂਰ-ਦੁਰਾਡੇ ਦੇ ਖੇਤਰਾਂ ਜਿਵੇਂ ਕਿ ਮਲੋਟ, ਜ਼ੀਰਾ, ਅੱਪਰ ਲੰਬੀ, ਨੂੰ ਪ੍ਰਭਾਵਿਤ ਕਰਦਾ ਹੈ। ਸਰਹਿੰਦ ਫੀਡਰ ਦੁਆਰਾ ਦਿੱਤੇ ਜਾਣ ਵਾਲੇ ਖੇਤਰ, ਇਸ ਦੇ ਪ੍ਰਦੂਸ਼ਣ ਰਾਹੀ ਸਭ ਤੋਂ ਵੱਧ ਪ੍ਰਭਾਵਿਤ ਹਨ।
ਕਈ ਸਾਲ ਪਹਿਲਾ ਪੰਜਾਬ ਖੇਤੀਬਾੜੀ ਯੂਨੀਵਰਸਟੀ ਵੱਲੋ ਕੀਤੇ ਗਏ ਇਕ ਅਧਿਐਨ ਮੁਤਾਬਕ ਬੁੱਢੇ ਨਾਲੇ ਨਾਲ ਪ੍ਰਭਾਵਿਤ ਹੋਏ ਪਾਣੀ ਰਾਹੀ ਕੀਤੀ ਗਈ ਸਿੰਚਾਈ ਨਾਲ ਕਾਸ਼ਤ ਕੀਤੀਆਂ ਗਈਆਂ ਸਬਜ਼ੀਆਂ ਅਤੇ ਹੋਰ ਫ਼ਸਲਾਂ ਜ਼ਹਿਰੀਲੇ ਅਤੇ ਭਾਰੀ ਧਾਤਾਂ ਦੀ ਮੌਜੂਦਗੀ ਦਾ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਸੀ। ਇਸ ਤੋਂ ਬਾਅਦ ਪੀਜੀਆਈਐਮਈਆਰ, ਚੰਡੀਗੜ੍ਹ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋ ਕੀਤੇ ਗਏ ਇੱਕ ਹੋਰ ਅਧਿਐਨ ਵਿੱਚ ਨਾਲ ਲੱਗਦੇ ਪਿੰਡਾਂ ਵਿੱਚ, ਜ਼ਮੀਨੀ ਅਤੇ ਨਲਕੇ ਦੇ ਪਾਣੀ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਫਲੋਰਾਈਡ, ਪਾਰਾ, ਬੀਟਾ-ਐਂਡੋਸਲਫਾਨ ਅਤੇ ਹੈਪਟਾਚਲੋਰ ਤੈਅ ਹੱਦ (ਐਮਪੀਐਲ) ਤੋਂ ਵੱਧ ਸਨ।
ਸਤਲੁਜ ਦੇ ਪਾਣੀ ਵਿਚ ਬੁੱਢੇ ਦਰਿਆ ਕਾਰਨ ਲਗਾਤਾਰ ਪੈ ਰਹੇ ਸਨਅਤੀ ਰਹਿੰਦ-ਖੂੰਦ, ਕੈਮੀਕਲ ਤੇ ਹੋਰ ਜੈਵਿਕ ਕੂੜੇ ਨਾਲ ਹੋ ਰਹੀ ਸਬਜ਼ੀਆਂ ਤੇ ਹੋਰ ਫਸਲਾਂ ਦੀ ਸਿੰਚਾਈ ਪੰਜਾਬ ਵਾਸੀਆ ਨੂੰ ਸਰੀਰਕ ਤੋਰ ਤੇ ਨਾਕਾਰਾਂ ਤੇ ਬਿਮਾਰ ਬਣਾ ਰਹੀ ਹੈ। ਹਾਲਾਂਕਿ ਸਰਕਾਰਾਂ ਵੱਲੋ ਇਸ ਲਈ ਕਈ ਪ੍ਰਾਜੈਕਟ ਵੀ ਬਣਾਏ ਗਏ ਜਿਨ੍ਹਾਂ ਰਾਹੀਂ ਐੱਸਟੀਪੀ ਅਤੇ ਸੀਈਟੀਪੀ ਪਲਾਂਟ ਕੁੱਝ ਚਲ ਰਹੇ ਹਨ ਅਤੇ ਕੁੱਝ ਉਸਾਰੀ ਅਧੀਨ ਹਨ।