ਲੁਧਿਆਣਾ : ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵੱਲੋਂ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਮਨਾਏ ਜਾ ਰਹੇ ਵਿਗਿਆਨ ਹਫ਼ਤਾ ਸਮਾਗਮ ਅੱਜ ਸਫਲਤਾ ਨਾਲ ਨੇਪਰੇ ਚੜ੍ਹੇ । ਯਾਦ ਰਹੇ ਕਿ ਇਹ ਸਮਾਗਮ ਭਾਰਤ ਸਰਕਾਰ ਵੱਲੋਂ ਆਜ਼ਾਦੀ ਦੇ 75ਵੇਂ ਸਾਲ ਨੂੰ ਸੰਬੰਧਿਤ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਸਮਾਗਮ ਦਾ ਹਿੱਸਾ ਸਨ । ਇਹਨਾਂ ਸਮਾਗਮਾਂ ਵਿੱਚ ਇੱਕ ਹਫ਼ਤਾ ਵਿਦਿਆਰਥੀਆਂ ਨੇ ਖੇਤੀਬਾੜੀ ਅਤੇ ਹੋਰ ਵਿਗਿਆਨਾਂ ਬਾਰੇ ਮਾਹਿਰਾਂ ਦੇ ਵਿਚਾਰ ਸੁਣਨ ਤੋਂ ਇਲਾਵਾ ਬਹੁਤ ਸਾਰੇ ਮੁਕਾਬਲਿਆਂ ਵਿੱਚ ਹਿੱਸਾ ਲਿਆ ।
ਅੱਜ ਇਸ ਸਪਤਾਹ ਦੇ ਸਮਾਪਤੀ ਸਮਾਰੋਹ ਦਾ ਸਿੱਧਾ ਪ੍ਰਸਾਰਣ ਵਿਦਿਆਰਥੀਆਂ ਨੂੰ ਦਿਖਾਇਆ ਗਿਆ । ਇਸ ਵਿੱਚ ਭਾਰਤ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾ. ਜਤਿੰਦਰ ਸਿੰਘ ਨੇ ਦੇਸ਼ ਵਿੱਚ 75 ਥਾਵਾਂ ਤੇ ਮਨਾਏ ਜਾ ਰਹੇ ਇਹਨਾਂ ਸਮਾਗਮਾਂ ਨੂੰ ਸੰਬੋਧਨ ਕੀਤਾ । ਉਹਨਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਨ ਵਿੱਚ ਵਿਗਿਆਨ ਦਾ ਅਹਿਮ ਯੋਗਦਾਨ ਰਿਹਾ ਹੈ । ਜੀਵਨ ਦਾ ਕੋਈ ਵੀ ਖੇਤਰ ਕਲਾ ਜਾਂ ਮੰਤਵ ਵਿਗਿਆਨ ਤੋਂ ਬਿਨਾਂ ਸੰਪੂਰਨ ਹੋ ਹੀ ਨਹੀਂ ਸਕਦਾ । ਉਹਨਾਂ ਨੇ ਇਸ ਸਮਾਗਮ ਨੂੰ ਸਫਲਤਾ ਨਾਲ ਸੰਪੰਨ ਕਰਾਉਣ ਲਈ ਇਸ ਨਾਲ ਜੁੜੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ।
ਪੀ.ਏ.ਯੂ. ਦੇ ਸਥਾਨਕ ਸਮਾਗਮ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਕਾਰਜਕਾਰੀ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਜੀ ਐੱਸ ਬੁੱਟਰ ਸ਼ਾਮਿਲ ਹੋਏ ਜਦਕਿ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਇਸ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਸਨ । ਡਾ. ਬੁੱਟਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਸਮੁੱਚੇ ਸ਼ਖਸੀ ਵਿਕਾਸ ਵੱਲ ਧਿਆਨ ਦੇਣਾ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ ।
ਇਸ ਮੌਕੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਜੇਤੂ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਸੈੱਟ ਵੰਡੇ ਗਏ , ਪੋਸਟਰ ਬਨਾਉਣ ਦੇ ਮੁਕਾਬਲੇ ਵਿੱਚ ਦਿਵਿਆ ਗੁਪਤਾ ਨੇ ਪਹਿਲਾ, ਅਗਮਜੋਤ ਨੇ ਦੂਜਾ ਅਤੇ ਗੁਰਲੀਨ ਕੌਰ ਨੇ ਤੀਸਰਾ ਇਨਾਮ ਹਾਸਲ ਕੀਤਾ । ਕਾਰਟੂਨਿੰਗ ਵਿੱਚ ਪਹਿਲਾ ਇਨਾਮ ਜਸਵੰਤ ਨੂੰ, ਦੂਸਰਾ ਓਲਿਵਿਆ ਨੂੰ ਅਤੇ ਤੀਸਰਾ ਚਰਚਿਤ ਬੰਸਲ ਨੂੰ ਮਿਲਿਆ । ਡੀਬੇਟ ਮੁਕਾਬਲੇ ਵਿੱਚ ਅਕਸ਼ਿਤਾ ਪਹਿਲੇ, ਜਸ਼ਮਿਲਨ ਦੂਜੇ ਅਤੇ ਨਿਹਾਲ ਤੀਜੇ ਸਥਾਨ ਤੇ ਰਹੇ ।