ਰੂਸ ਤੇ ਯੂਕ੍ਰੇਨ ਵਿਚਾਲੇ ਜੰਗੀ ਸੰਘਰਸ਼ ਹੁਣ ਗੰਭੀਰ ਦੌਰ ’ਚ ਦਾਖ਼ਲ ਹੋ ਗਿਆ ਹੈ। ਇਸ ਹਿੰਸਕ ਕਾਰਵਾਈ ਦਾ ਸਿੱਧਾ ਅਸਰ ਪੰਜਾਬ ’ਤੇ ਪੈ ਰਿਹਾ ਹੈ। ਪੰਜਾਬ ਦੇ ਵੱਖ ਵੱਖ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਤੋਂ ਉਚੇਰੀ ਸਿੱਖਿਆ ਹਾਸਲ ਕਰਨ ਲਈ ਯੂਕ੍ਰੇਨ ਗਏ ਵਿਦਿਆਰਥੀਆਂ ਅਨੁਸਾਰ ਯੂਕ੍ਰੇਨ ਦੀ ਰਾਜਧਾਨੀ ਕੀਵ ਤੇ ਖਾਰਕੀਵ ’ਚ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ। ਉਨ੍ਹਾਂ ਦੇ ਘਰਾਂ ਦੇ ਲਾਗੇ ਮਿਸਾਈਲਾਂ ਆ ਕੇ ਡਿੱਗ ਰਹੀਆਂ ਹਨ। ਹਰ ਪਾਸੇ ਧਮਾਕੇ ਤੇ ਸਾਇਰਨਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ।
ਵਿਦਿਆਰਥੀਆਂ ਅਨੁਸਾਰ 700 ਵਿਦਿਆਰਥੀਆਂ ਨੂੰ ਖਾਰਕੀਵ ਯੂਨੀਵਰਸਿਟੀ ਦੇ ਹੋਸਟਲ ’ਚ ਪਹੁੰਚਾਇਆ ਗਿਆ ਹੈ। ਦੱਸ ਦੇਈਏ ਕਿ ਭਾਰਤ ਦੇ ਕੋਨੇ-ਕੋਨੇ ਤੋਂ 20 ਹਜ਼ਾਰ ਵਿਦਿਆਰਥੀ ਯੂਕ੍ਰੇਨ ’ਚ ਉੱਚ ਸਿੱਖਿਆ ਹਾਸਲ ਕਰ ਰਹੇ ਹਨ, ਜਿਨ੍ਹਾਂ ’ਚੋਂ 2,000 ਤਾਂ ਪਹਿਲਾਂ ਹੀ ਆਪਣੇ ਵਤਨ ਪਰਤ ਚੁੱਕੇ ਹਨ ਪਰ ਬਾਕੀਆਂ ਨੂੰ ਉੱਥੇ ਹੁਣ ਜੰਗ ਦੇ ਖ਼ੌਫ਼ ਤੇ ਦਹਿਸ਼ਤ ਦੇ ਪਰਛਾਵੇਂ ਹੇਠ ਰਹਿਣਾ ਪੈ ਰਿਹਾ ਹੈ।
ਵਿਦਿਆਰਥੀਆਂ ਨੇ ਦੱਸਿਆ ਕਿ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਰੋਮਾਨੀਆ, ਹੰਗਰੀ ਤੇ ਸਲੋਵਾਕੀਆ ਦੇਸ਼ਾਂ ਰਸਤੇ ਕੱਢਿਆ ਜਾ ਰਿਹਾ ਹੈ। ਉਨ੍ਹਾਂ ਨੂੰ ਸੜਕ ਰਸਤੇ ਇਨ੍ਹਾਂ ਦੇਸ਼ਾਂ ਦੇ ਬਾਰਡਰਾਂ ’ਤੇ ਪੁੱਜਣ ਲਈ ਕਿਹਾ ਗਿਆ ਹੈ ਪਰ ਟੈਕਸੀ ਡਰਾਈਵਰਾਂ ਨੇ ਕਿਰਾਏ ’ਚ 50 ਗੁਣਾ ਤੱਕ ਵਾਧਾ ਕਰ ਦਿੱਤਾ ਹੈ।
ਵਿਦਿਆਰਥੀ ਇੰਨਾ ਜ਼ਿਆਦਾ ਕਿਰਾਇਆ ਝੱਲ ਨਹੀਂ ਸਕਦੇ। ਹਵਾਈ ਅੱਡਿਆਂ ’ਤੇ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਏਟੀਐੱਮਜ਼ ’ਚੋਂ ਨਕਦੀ ਖ਼ਤਮ ਹੋ ਚੁੱਕੀ ਹੈ। ਬਹੁਤ ਸਾਰੇ ਮੋਬਾਈਲ ਫੋਨਜ਼ ਦੇ ਟਾਵਰ ਕੰਮ ਨਹੀਂ ਕਰ ਰਹੇ, ਜਿਸ ਕਰ ਕੇ ਆਨਲਾਈਨ ਲੈਣ-ਦੇਣ ਵੀ ਸੰਭਵ ਨਹੀਂ ਹੋ ਰਿਹਾ। ਰਾਸ਼ਨ-ਪਾਣੀ ਦੇ ਸਟੋਰ ਵੀ ਬੰਦ ਪਏ ਹਨ।
ਨਵੇਂ ਆਏ ਵਿਦਿਆਰਥੀਆਂ ਕੋਲ ਹਾਲੇ ‘ਟੀਆਰ ਸਰਟੀਫ਼ਿਕੇਟ’ ਨਹੀਂ ਹੈ, ਉਨ੍ਹਾਂ ਨੂੰ ਹੁਣ ਗ੍ਰਿਫ਼ਤਾਰੀ ਦਾ ਡਰ ਸਤਾ ਰਿਹਾ ਹੈ। ਯੂਕ੍ਰੇਨ ’ਚ ਵਿਚਰਨ ਲਈ ਇਹ ‘ਟੈਂਪਰੇਰੀ ਰੈਜ਼ੀਡੈਂਸੀ’ ਦਾ ਸਰਟੀਫ਼ਿਕੇਟ ਜ਼ਰੂਰ ਚਾਹੀਦਾ ਹੈ। ਜੰਗ ਵਾਲੇ ਹਾਲਾਤ ਕਰਕੇ ਉਨ੍ਹਾਂ ਨੂੰ ਫ਼ੌਜ ਕਿਸੇ ਵੀ ਸਮੇਂ ਗ੍ਰਿਫ਼ਤਾਰ ਕਰ ਸਕਦੀ ਹੈ। ਇਸੇ ਲਈ ਅਜਿਹੇ ਵਿਦਿਆਰਥੀ ਹੁਣ ਯੂਕ੍ਰੇਨ ’ਚੋਂ ਬਾਹਰ ਨਿੱਕਲਣ ਲਈ ਖੁੱਲ੍ਹ ਕੇ ਘਰਾਂ ਤੋਂ ਬਾਹਰ ਵੀ ਨਹੀਂ ਆ ਸਕਦੇ।