ਨਵੀ ਦਿੱਲੀ : ਰੂਸ ਅਤੇ ਯੂਕ੍ਰੇਨ ਦਰਮਿਆਨ ਜਾਰੀ ਜੰਗ ‘ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 9 ਲੋਕ ਜ਼ਖਮੀ ਹਨ। ਅਜਿਹੇ ‘ਚ ਭਾਰਤ ਲਈ ਇਕ ਵੱਡੀ ਚਿੰਤਾ ਬਣੀ ਹੋਈ ਹੈ, ਕਿਉਂਕਿ ਉੱਥੇ ਹਾਲੇ ਵੀ ਕਈ ਹਜ਼ਾਰ ਭਾਰਤੀ ਫਸੇ ਹੋਏ ਹਨ। ਦਰਅਸਲ ਹਾਲੇ ਵੀ ਹਜ਼ਾਰਾਂ ਦੀ ਗਿਣਤੀ ‘ਚ ਵਿਦਿਆਰਥੀ ਯੂਕ੍ਰੇਨ ‘ਚ ਮੌਜੂਦ ਹਨ, ਜੋ ਬੇਕਾਬੂ ਹੋ ਚੁਕੇ ਹਾਲਾਤਾਂ ਨੂੰ ਲੈ ਕੇ ਘਬਰਾਏ ਹੋਏ ਹਨ।
ਇਸ ਵਿਚ ਕਈ ਵਿਦਿਆਰਥੀ ਭਾਰਤ ਵੀ ਪਰਤੇ ਹਨ। ਉੱਥੇ ਇਕ ਨਿਊਜ਼ ਚੈਨਲ ਦੇ ਹਵਾਲੇ ਤੋਂ ਯੂਕ੍ਰੇਨ ਦੀ ਰਾਜਧਾਨੀ ਕੀਵ ‘ਚ ਫਸੇ ਵਿਦਿਆਰਥੀ ਨੀਲੇਸ਼ ਨੇ ਦੱਸਿਆ ਕਿ ਲੋਕ ਖਾਣਾ ਅਤੇ ਪਾਣੀ ਇਕੱਠਾ ਕਰਨ ਲਈ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ 50 ਤੋਂ 60 ਭਾਰਤੀ ਵਿਦਿਆਰਥੀ ਇਕ ਹੋਸਟਲ ‘ਚ ਫਸੇ ਹਨ ਅਤੇ ਲਾਈਨ ਲਗਾ ਕੇ ਪਾਣੀ ਲੈਣ ਲਈ ਖੜ੍ਹੇ ਹਨ ਤਾਂ ਕਿ 1-2 ਦਿਨਾਂ ਤੱਕ ਘਰਾਂ ‘ਚ ਹੀ ਰਹਿ ਸਕਣ।
ਉਨ੍ਹਾਂ ਅੱਗੇ ਦੱਸਿਆ ਕਿ ਸੁਪਰਮਾਰਕੀਟ ‘ਚ ਖਾਣਾ-ਪੀਣਾ ਖ਼ਤਮ ਹੋ ਚੁਕਿਆ ਹੈ। ਏਅਰਸਪੇਸ ਬੰਦ ਹੋਣ ਤੋਂ ਬਾਅਦ ਏਅਰ ਇੰਡੀਆ ਦੀ ਫਲਾਈਟ ਵੀ ਵਾਪਸ ਆ ਚੁਕੀ ਹੈ, ਅਜਿਹੇ ‘ਚ ਕਾਫ਼ੀ ਵਿਦਿਆਰਥੀ ਆਪਣੀ ਸੁਰੱਖਿਆ ਨੂੰ ਲੈ ਕੇ ਘਬਰਾਏ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੁਰੱਖਿਆ ਲਈ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ।