ਲੁਧਿਆਣਾ : ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਕੰਟਰੋਲਰ ਸੁਰਿੰਦਰ ਕੁਮਾਰ ਬੇਰੀ ਦੇ ਨਿਰਦੇਸ਼ਾਂ ’ਤੇ ਡੀ. ਐੱਫ. ਐੱਸ. ਓ. ਨੇ ਫਿਰੋਜ਼ਪੁਰ ਰੋਡ ਸਥਿਤ ਇਆਲੀ ਚੌਂਕ ਕੋਲ ਗੈਸ ਮਾਫ਼ੀਆ ਵੱਲੋਂ ਚਲਾਏ ਜਾ ਰਹੇ ਨਾਜਾਇਜ਼ ਅੱਡੇ ’ਤੇ ਛਾਪੇਮਾਰੀ ਕਰ ਕੇ 8 ਘਰੇਲੂ ਗੈਸ ਸਿਲੰਡਰਾਂ ਸਮੇਤ ਹੋਰ ਸਮਾਨ ਕਬਜ਼ੇ ਵਿਚ ਲੈ ਲਿਆ ਹੈ।
ਵਿਭਾਗ ਵੱਲੋਂ ਇਲਾਕਾ ਨਿਵਾਸੀਆਂ ਦੀ ਸ਼ਿਕਾਇਤ ’ਤੇ ਤੁਰੰਤ ਗੈਸ ਮਾਫ਼ੀਆ ਦੇ ਨਾਜਾਇਜ਼ ਟਿਕਾਣੇ ’ਤੇ ਛਾਪੇਮਾਰੀ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਸਮੇਂ ਟੀਮ ਵੱਲੋਂ ਕਾਰਵਾਈ ਕੀਤੀ ਗਈ ਤਾਂ ਉਸ ਸਮੇਂ ਵੱਡੀ ਗਿਣਤੀ ਵਿਚ ਐੱਲ. ਪੀ. ਜੀ. ਗੈਸ ਚਲਿਤ ਆਟੋ ਰਿਕਸ਼ਾ ਵਿਚ ਗੈਸ ਭਰੀ ਜਾ ਰਹੀ ਸੀ, ਜਿਨ੍ਹਾਂ ਨੂੰ ਟੀਮ ਮੁਲਾਜ਼ਮਾਂ ਵੱਲੋਂ ਚਿਤਾਵਨੀ ਦੇ ਕੇ ਮੌਕੇ ਤੋਂ ਜਾਣ ਦਿੱਤਾ ਗਿਆ।
ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਕੰਟਰੋਲਰ ਸੁਰਿੰਦਰ ਬੇਰੀ ਨੇ ਦੱਸਿਆ ਕਿ ਮੌਕੇ ’ਤੇ ਕਾਰਵਾਈ ਕਰਦੇ ਹੋਏ 8 ਘਰੇਲੂ ਗੈਸ ਸਿਲੰਡਰ, 1 ਇਲੈਕਟ੍ਰਾਨਿਕ ਮਸ਼ੀਨ, 1 ਇਲੈਕਟ੍ਰਾਨਿਕ ਕੰਡਾ, 6 ਗੈਸ ਪਾਈਪਾਂ ਅਤੇ ਇਕ ਪੰਪ ਮਸ਼ੀਨ ਬਰਾਮਦ ਕਰ ਕੇ ਕਬਜ਼ੇ ਵਿਚ ਲੈ ਲਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦੇ ਦਿਨਾਂ ਵਿਚ ਵੀ ਗੈਸ ਮਾਫ਼ੀਆ ਦੇ ਗੈਰ-ਕਾਨੂੰਨੀ ਅੱਡੇ ’ਤੇ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਕਿਸੇ ਵੀ ਕਾਲਾਬਾਜ਼ਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।