ਲੁਧਿਆਣਾ : ਕ੍ਰਾਈਮ ਬ੍ਰਾਂਚ-1 ਦੀ ਟੀਮ ਨੇ ਗਾਂਜੇ ਦੀ ਖੇਪ ਸਮੇਤ ਤਿੰਨ ਅਜਿਹੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਟਰੱਕ ਚਲਾਉਣ ਦੀ ਆੜ ਵਿੱਚ ਲੰਮੇ ਸਮੇਂ ਤੋਂ ਨਸ਼ੇ ਦੀ ਤਸਕਰੀ ਕਰਦੇ ਆ ਰਹੇ ਸਨ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਚੋਂ 2 ਕੁਇੰਟਲ 88 ਕਿਲੋ ਗਾਂਜਾ ਬਰਾਮਦ ਕੀਤਾ ਹੈ। ਬਰਾਮਦ ਕੀਤਾ ਗਿਆ ਗਾਂਜਾ ਟਰੱਕ ਵਿੱਚ ਕੱਚੇ ਲੋਹੇ ਦੇ ਹੇਠਾਂ ਲੁਕਿਆ ਹੋਇਆ ਸੀ।
ਪੁਲਿਸ ਦੇ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਰਸੂਲਪੁਰ ਮੱਲਾ ਹਠੂਰ ਜਗਰਾਉਂ ਦੇ ਵਾਸੀ ਮਨਪ੍ਰੀਤ ਸਿੰਘ, ਕਰਮਜੀਤ ਸਿੰਘ ਉਰਫ ਪੰਮੀ ਅਤੇ ਪਿੰਡ ਬੇਲਸਨ ਸੁੰਦਰਪੁਰ ਸੀਤਾਮੜ੍ਹੀ (ਬਿਹਾਰ) ਦੇ ਵਾਸੀ ਕੁੰਦਨ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਮੁੱਢਲੀ ਜਾਂਚ ਦੇ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮ ਪੰਜਾਬ ਤੋਂ ਉੜੀਸਾ ਅਤੇ ਝਾਰਖੰਡ ਦਾ ਗੇੜਾ ਲਗਾਉਂਦੇ ਹਨ ਅਤੇ ਮਾਲ ਅਣਲੋਡ ਕਰਨ ਤੋਂ ਬਾਅਦ ਵਾਪਸੀ ਦੇ ਸਮੇਂ ਉਹ ਨਸ਼ੀਲੇ ਪਦਾਰਥ ਟਰੱਕ ਵਿੱਚ ਰੱਖ ਕੇ ਪੰਜਾਬ ਲਿਆਉਂਦੇ ਹਨ । ਸੂਚਨਾ ਤੋਂ ਬਾਅਦ ਪੁਲਿਸ ਨੇ ਸਾਹਨੇਵਾਲ ਇਲਾਕੇ ਵਿਚ ਨਾਕਾਬੰਦੀ ਕਰਕੇ ਟਰੱਕ ਸਵਾਰ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।