ਲੁਧਿਆਣਾ : ਪੀ.ਏ.ਯੂ. ਵਿੱਚ ਅੱਜ ਭੂਮੀ ਵਿਗਿਆਨ ਵਿਭਾਗ ਨੇ ਵਿਕਸਿਤ ਖੇਤੀਬਾੜੀ ਢੰਗਾਂ ਬਾਰੇ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ । ਇਸ ਮੀਟ ਨੂੰ ਆਈ ਸੀ ਏ ਆਰ ਕਾਸਟ, ਸਥਿਰ ਖੇਤੀ ਅਤੇ ਕੁਦਰਤੀ ਸਰੋਤ ਪ੍ਰਬੰਧਨ ਸਕੂਲ ਦੇ ਸਹਿਯੋਗ ਨਾਲ ਕਰਵਾਇਆ ਗਿਆ । ਇਸ ਵਿੱਚ 250 ਦੇ ਕਰੀਬ ਪ੍ਰਸਿੱਧ ਵਿਗਿਆਨੀ, ਕਿਸਾਨ ਅਤੇ ਵਿਦਿਆਰਥੀ ਦੇਸ਼-ਵਿਦੇਸ਼ ਤੋਂ ਸ਼ਾਮਿਲ ਹੋਏ .
ਖੇਤੀ ਕਰਨ ਦੇ ਵਿਕਸਿਤ ਅਤੇ ਨਵੀਨ ਤਰੀਕਿਆਂ ਤੋਂ ਇਲਾਵਾ ਖਾਦਾਂ ਦੀ ਸੂਖਮ ਵਰਤੋਂ, ਪੌਦਿਆਂ ਦੀਆਂ ਬਿਮਾਰੀਆਂ ਦੀ ਪਛਾਣ, ਸੈਂਸਰ ਅਤੇ ਡਿਟੈਕਟਰ, ਅੰਤਰ ਜੀਨਕ ਫਸਲਾਂ, ਸੁਰੱਖਿਅਤ ਖੇਤੀ ਰਿਮੋਟ ਸੈਂਸਿੰਗ ਆਦਿ ਬਾਰੇ ਪੇਸ਼ਕਾਰੀਆਂ ਨੂੰ ਦੇਖਿਆ । ਇਸ ਮੀਟ ਦਾ ਉਦੇਸ਼ ਨਿਰੋਲ ਖੇਤੀ ਦੀਆਂ ਵੱਖ-ਵੱਖ ਵਿਧੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਖੇਤੀ ਖੇਤਰ ਦੀ ਮੰਗ ਅਨੁਸਾਰ ਵਿਚਾਰਨਾ ਸੀ ।
ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਸ਼ਾਮਿਲ ਹੋਏ । ਉਹਨਾਂ ਨੇ ਸ਼ੁੱਧ ਖੇਤੀ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਬਾਰੇ ਗੱਲ ਕਰਦਿਆਂ ਭੋਜਨ ਸੁਰੱਖਿਆ ਦੇ ਖੇਤਰ ਵਿੱਚ ਇਸ ਦੀ ਵੱਧ ਵਰਤੋਂ ਦੀ ਲੋੜ ਤੇ ਜ਼ੋਰ ਦਿੱਤਾ । ਉਹਨਾਂ ਨੇ ਅਜਿਹਾ ਸਮਾਗਮ ਕਰਵਾਉਣ ਲਈ ਯੂਨੀਵਰਸਿਟੀ ਨੂੰ ਵਧਾਈ ਵੀ ਦਿੱਤੀ ।
ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਭਲਾਈ ਦੇ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਵਤਾਰ ਸਿੰਘ ਢੀਂਡਸਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ । ਉਹਨਾਂ ਕਿਹਾ ਕਿ ਇਹਨਾਂ ਤਕਨਾਲੋਜੀਆਂ ਨੂੰ ਅਪਨਾਉਣਾ ਸਮੇਂ ਦੀ ਲੋੜ ਹੈ ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਵਿਕਸਿਤ ਖੇਤੀ ਤਕਨਾਲੋਜੀਆਂ ਦੇ ਮਹੱਤਵ ਬਾਰੇ ਗੱਲ ਕੀਤੀ ਅਤੇ ਕਿਸਾਨਾਂ ਨੂੰ ਇਹਨਾਂ ਤਕਨੀਕਾਂ ਨੂੰ ਵਰਤੋਂ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ । ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੇ ਆਪਣੇ ਸਵਾਗਤੀ ਸ਼ਬਦਾਂ ਵਿੱਚ ਵਿਸ਼ਵ ਬੈਂਕ ਦੇ ਆਈ ਸੀ ਏ ਆਰ ਕਾਸਟ ਪ੍ਰੋਜੈਕਟ ਦਾ ਧੰਨਵਾਦ ਕੀਤਾ । ਉਹਨਾਂ ਨੇ ਕੈਨੇਡਾ, ਅਮਰੀਕਾ ਅਤੇ ਭਾਰਤ ਦੇ 6 ਉੱਘੇ ਬੁਲਾਰਿਆਂ ਨਾਲ ਜਾਣ-ਪਛਾਣ ਵੀ ਕਰਵਾਈ ।