ਲੁਧਿਆਣਾ : ਪੀ.ਏ.ਯੂ. ਦੇ ਵਾਈਸ ਚਾਂਸਲਰ ਸ਼੍ਰੀ ਡੀ ਕੇ ਤਿਵਾੜੀ ਆਈ ਏ ਐੱਸ ਵਿੱਤ ਕਮਿਸ਼ਨਰ ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ ਨੇ ਅੱਜ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਦੌਰਾ ਕੀਤਾ । ਇਸ ਦੌਰਾਨ ਵਾਈਸ ਚਾਂਸਲਰ ਸੈਂਟਰ ਤੋਂ ਸਿਖਲਾਈ ਹਾਸਲ ਕਰ ਰਹੇ ਖੇਤੀ ਉੱਦਮੀਆਂ ਨੂੰ ਮਿਲੇ ਅਤੇ ਉਹਨਾਂ ਨਾਲ ਗੱਲਬਾਤ ਕੀਤੀ ।
ਸ਼੍ਰੀ ਤਿਵਾੜੀ ਨੇ ਕਿਹਾ ਕਿ ਅੱਜ ਦਾ ਯੁੱਗ ਰਵਾਇਤੀ ਖੇਤੀ ਦੀ ਥਾਂ ਨਵੀਨ ਤਰੀਕਿਆਂ ਨੂੰ ਅਪਣਾ ਕੇ ਸਵੈ-ਮੰਡੀਕਰਨ ਅਤੇ ਉਤਪਾਦਾਂ ਦੀ ਤਿਆਰੀ ਪ੍ਰਤੀ ਵਿਸ਼ੇਸ਼ ਮੁਹਾਰਤ ਦਾ ਦੌਰ ਹੈ । ਉਹਨਾਂ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਕਿਸਾਨਾਂ ਨੂੰ ਸਿੱਖਿਅਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ । ਸ਼੍ਰੀ ਤਿਵਾੜੀ ਨੇ ਖੇਤੀ ਉੱਦਮੀਆਂ ਨਾਲ ਗੱਲਬਾਤ ਦੌਰਾਨ ਉਹਨਾਂ ਨੂੰ ਕੁਝ ਸੁਝਾਅ ਦਿੱਤੇ ਅਤੇ ਨਾਲ ਹੀ ਉਹਨਾਂ ਦੀਆਂ ਸਮੱਸਿਆਵਾਂ ਅਤੇ ਇੱਛਾਵਾ ਬਾਰੇ ਵੀ ਜਾਣਿਆ ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਵਾਈਸ ਚਾਂਸਲਰ ਦਾ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਆਉਣਾ ਤੇ ਸਵਾਗਤ ਕੀਤਾ । ਉਹਨਾਂ ਕਿਹਾ ਕਿ ਪੀ.ਏ.ਯੂ. ਵੱਲੋਂ ਕਿਸਾਨਾਂ ਨੂੰ ਪਸਾਰ ਸੇਵਾਵਾਂ ਦੇ ਨਾਲ-ਨਾਲ ਢੁੱਕਵੀਂ ਖੇਤੀ ਸਿਖਲਾਈ ਅਤੇ ਮੁਹਾਰਤ ਵੀ ਪ੍ਰਦਾਨ ਕੀਤੀ ਜਾ ਰਹੀ ਹੈ । ਉਹਨਾਂ ਨੇ ਪੀ.ਏ.ਯੂ. ਦੇ ਸਿਖਲਾਈ ਢਾਂਚੇ ਬਾਰੇ ਵਿਸਥਾਰ ਨਾਲ ਗੱਲ ਕੀਤੀ।
ਸਕਿੱਲ ਡਿਵੈਲਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਮੌਕੇ ਵਾਈਸ ਚਾਂਸਲਰ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਦੀਆਂ ਗਤੀਵਿਧੀਆਂ ਅਤੇ ਕਾਰਜ ਪ੍ਰਣਾਲੀ ਤੋਂ ਜਾਣੂੰ ਕਰਵਾਇਆ । ਉਹਨਾਂ ਦੱਸਿਆ ਕਿ ਸੈਂਟਰ ਵੱਲੋਂ ਉੱਦਮ ਅਤੇ ਉਡਾਨ ਨਾਵਾਂ ਹੇਠ ਦੋ ਸਿਖਲਾਈ ਪ੍ਰੋਗਰਾਮ ਚਲਾਏ ਜਾ ਰਹੇ ਹਨ । ਇਹਨਾਂ ਵਿੱਚ ਸਿਖਲਾਈ ਲੈਣ ਵਾਲੇ ਉੱਦਮੀਆਂ ਨੂੰ ਸਰਕਾਰ ਵੱਲੋਂ ਭਰਪੂਰ ਮਾਲੀ ਇਮਦਾਦ ਪ੍ਰਾਪਤ ਹੁੰਦੀ ਹੈ । ਉਹਨਾਂ ਕਿਹਾ ਕਿ ਸਕਿੱਲ ਡਿਵੈਲਮੈਂਟ ਸੈਂਟਰ ਪੰਜਾਬ ਦੀ ਖੇਤੀ ਨੂੰ ਮੁਹਾਰਤ ਵਾਲੀ ਦਿਸ਼ਾ ਵਿੱਚ ਲਿਜਾਣ ਵਿੱਚ ਵਚਨਬੱਧ ਹੈ ।
ਇਸ ਮੌਕੇ ਉੱਦਮ ਅਤੇ ਉਡਾਨ ਪ੍ਰੋਗਰਾਮਾਂ ਹੇਠ ਸਿਖਲਾਈ ਲੈ ਰਹੇ 30 ਦੇ ਕਰੀਬ ਉੱਦਮੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ । ਉਹਨਾਂ ਤਕਨੀਕੀ ਸਹਾਇਤਾ ਅਤੇ ਅਗਵਾਈ ਲਈ ਪੀ.ਏ.ਯੂ. ਦਾ ਧੰਨਵਾਦ ਵੀ ਕੀਤਾ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਏ.ਯੂ. ਦੇ ਰਜਿਸਟਰਾਰ ਡਾ. ਸ਼ੰਮੀ ਕਪੂਰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਕੰਪਟਰੋਲਰ ਡਾ. ਸੰਦੀਪ ਕਪੂਰ ਅਤੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਗਿਆਨ ਦੇ ਮੁਖੀ ਡਾ. ਪੂਨਮ ਏ ਸਚਦੇਵ ਵਿਸ਼ੇਸ਼ ਤੌਰ ਤੇ ਮੌਜੂਦ ਸਨ ।