ਲੁਧਿਆਣਾ : 20 ਨਵੰਬਰ 2017 ਦੀ ਸਵੇਰ ਨੂੰ ਸੂਫੀਆਂ ਚੌਕ ਸਥਿਤ ਅਮਰ ਸੰਨਜ਼ ਪਾਲੀਮਰ ਫੈਕਟਰੀ ਵਿਚ ਅੱਗ ਲੱਗਣ ਤੋਂ ਬਾਅਦ ਕੈਮੀਕਲ ਡਰੰਮਾਂ ਵਿਚ ਜ਼ੋਰਦਾਰ ਧਮਾਕੇ ਨਾਲ ਪੰਜ ਮੰਜ਼ਿਲਾ ਇਮਾਰਤ ਢਹਿ ਗਈ ਸੀ । ਮਲਬੇ ਵਿਚ ਦੱਬੇ ਜਾਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਪਿਛਲੇ 4 ਸਾਲਾਂ ‘ਚ ਕਿਸੇ ਵੀ ਵਿਭਾਗ ਨੇ ਇਸ ਘਟਨਾ ਦੀ ਜਾਂਚ ਨਹੀਂ ਕੀਤੀ।
ਜਿਸ ਜਗ੍ਹਾ ਤੇ ਇਮਾਰਤ ਡਿੱਗਣ ਕਾਰਨ ਇੰਨੇ ਲੋਕਾਂ ਦੀ ਜਾਨ ਚਲੀ ਗਈ। ਨਵੀਂ ਇਮਾਰਤ ਲਈ ਨਾਜਾਇਜ਼ ਉਸਾਰੀ ਸ਼ੁਰੂ ਹੋ ਗਈ ਹੈ। ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਉਸਾਰੀ ਤੋਂ ਨਗਰ ਨਿਗਮ ਦੇ ਅਧਿਕਾਰੀ ਅਣਜਾਣ ਹਨ। ਨਗਰ ਨਿਗਮ ਦੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਫਿਰ ਸਵਾਲਾਂ ਦੇ ਘੇਰੇ ਚ ਹੈ। ਇੰਨੇ ਵੱਡੇ ਹਾਦਸੇ ਤੋਂ ਬਾਅਦ ਬਿਨਾਂ ਨਕਸ਼ਾ ਪਾਸ ਕੀਤੇ ਉਸੇ ਥਾਂ ‘ਤੇ ਉਸਾਰੀ ਕਿਵੇਂ ਕੀਤੀ ਜਾ ਰਹੀ ਹੈ।
ਇਸ ਘਟਨਾ ਨੂੰ 4 ਸਾਲ ਬੀਤ ਚੁੱਕੇ ਹਨ ਪਰ ਅੱਜ ਤੱਕ ਕਿਸੇ ਵੀ ਵਿਭਾਗ ਨੇ ਇਸ ਦੀ ਜਾਂਚ ਨਹੀਂ ਕੀਤੀ। ਜਦੋਂ ਇਹ ਘਟਨਾ ਵਾਪਰੀ ਤਾਂ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ, ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਸ ਵੇਲੇ ਦੇ ਪੰਜਾਬ ਕਾਂਗਰਸ ਮੁਖੀ ਸੁਨੀਲ ਜਾਖੜ ਪਹੁੰਚੇ ਸਨ। ਕੈਪਟਨ ਨੇ ਇਸ ਮਾਮਲੇ ਦੀ ਜਾਂਚ ਡਵੀਜ਼ਨਲ ਕਮਿਸ਼ਨਰ ਤੋਂ ਕਰਵਾਉਣ ਦਾ ਭਰੋਸਾ ਵੀ ਦਿੱਤਾ ਸੀ ਪਰ ਉਸ ਤੋਂ ਅੱਗੇ ਕੁਝ ਨਹੀਂ ਹੋਇਆ।