ਲੁਧਿਆਣਾ : ਲੁਧਿਆਣਾ ਪੁਲਿਸ ਵਲੋਂ ਸ਼ਰਾਬ ਦੀ ਤਸਕਰੀ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਵੱਖ ਵੱਖ ਥਾਵਾਂ ਤੇ ਕੀਤੀਆਂ ਗਈਆਂ ਨਾਕਾਬੰਦੀਆਂ ਦੌਰਾਨ 8 ਮੁਲਜ਼ਮਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ।
ਜਾਣਕਾਰੀ ਦਿੰਦਿਆਂ ਥਾਣਾ ਦਰੇਸੀ ਦੇ ਏਐੱਸਆਈ ਓਮ ਪ੍ਰਕਾਸ਼ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਸ਼ਿਵਪੁਰੀ ਗੰਦੇ ਨਾਲੇ ਦੇ ਨਾਲ ਕੀਤੀ ਗਈ ਨਾਕਾਬੰਦੀ ਦੇ ਦੌਰਾਨ ਸੰਤ ਵਿਹਾਰ ਵੱਡੀ ਹੈਬੋਵਾਲ ਦੇ ਵਾਸੀ ਵਿਜੈ ਕੁਮਾਰ ਨੂੰ ਰੋਕ ਕੇ ਜਦ ਉਸਦੇ ਝੋਲੇ ਦੀ ਤਲਾਸ਼ੀ ਲਈ ਗਈ ਤਾਂ ਮੁਲਜ਼ਮ ਦੇ ਕਬਜ਼ੇ ਚੋਂ ਨਾਜਾਇਜ਼ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਕੀਤੀਆਂ ਗਈਆਂ ।
ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਸ਼ਮਸ਼ਾਨਘਾਟ ਪੁਲੀ ਦੇ ਕੋਲ ਕੀਤੀ ਗਈ ਨਾਕਾਬੰਦੀ ਦੌਰਾਨ ਸੁੰਦਰ ਨਗਰ ਦੇ ਵਾਸੀ ਦਵਿੰਦਰ ਕੁਮਾਰ ਤੇ ਨਰੇਸ਼ ਕੁਮਾਰ ਨੂੰ ਹਿਰਾਸਤ ‘ਚ ਲੈ ਕੇ ਉਨ੍ਹਾਂ ਦੇ ਕਬਜ਼ੇ ਚੋਂ 12 ਬੋਤਲਾਂ ਸ਼ਰਾਬ ਬਰਾਮਦ ਕੀਤੀ ।ਥਾਣਾ ਡੇਹਲੋਂ ਦੀ ਪੁਲਿਸ ਨੇ ਪਿੰਡ ਜੱਸੜ ਚੋਂ ਪੱਦੀ ਦੇ ਰਹਿਣ ਵਾਲੇ ਜੱਗੂ ਸ਼ਾਹ ਨੂੰ ਹਿਰਾਸਤ ਵਿੱਚ ਲੈ ਕੇ ਉਸਦੇ ਕਬਜ਼ੇ ਚੋਂ ਸ਼ਰਾਬ ਦੀਆਂ 6 ਬੋਤਲਾਂ ਬਰਾਮਦ ਕੀਤੀਆਂ ।
ਇਕ ਹੋਰ ਮਾਮਲੇ ‘ਚ ਥਾਣਾ ਪੀਏਯੂ ਦੀ ਪੁਲਿਸ ਨੇ ਕਪਿਲ ਪਾਰਕ ਇਲਾਕੇ ‘ਚ ਕੀਤੀ ਗਈ ਨਾਕਾਬੰਦੀ ਦੌਰਾਨ ਐਪਲ ਵਿਲਾ ਬਚਨ ਸਿੰਘ ਮਾਰਗ ਦੇ ਵਾਸੀ ਪ੍ਰਸ਼ੋਤਮ ਅਹਿਰਵਾਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਚੋਂ ਨਾਜਾਇਜ਼ ਸ਼ਰਾਬ ਦੀਆਂ 36 ਬੋਤਲਾਂ ਬਰਾਮਦ ਕੀਤੀਆਂ। ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਸੰਦੀਪ ਗੁਪਤਾ ਵਾਸੀ ਪ੍ਰੇਮ ਨਗਰ ਤੇ ਲਕਸ਼ਮੀ ਨਗਰ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੂੰ 24 ਪਊਏ ਸ਼ਰਾਬ ਸਮੇਤ ਹਿਰਾਸਤ ‘ਚ ਲਿਆ ।
ਇਕ ਹੋਰ ਮਾਮਲੇ ‘ਚ ਥਾਣਾ ਮੇਹਰਬਾਨ ਦੀ ਪੁਲਿਸ ਨੇ ਕੈਪਟਨ ਕਲੋਨੀ ਦੇ ਵਾਸੀ ਅਰੁਣ ਸ਼ਾਹ ਉਰਫ ਪੱਪੂ ਕੋਲੋਂ ਨਾਜਾਇਜ਼ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਕੀਤੀਆਂ । ਪੁਲਿਸ ਨੇ ਇਨ੍ਹਾਂ ਸਾਰੇ ਮਾਮਲਿਆਂ ‘ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਖਿਲਾਫ਼ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰ ਲਏ ਹਨ।