ਲੁਧਿਆਣਾ : ਸ਼ਹਿਰ ਵਿਚ ਹੋ ਰਹੀਆਂ ਅਣਅਧਿਕਾਰਤ ਉਸਾਰੀਆਂ ਖ਼ਿਲਾਫ਼ ਕੌਂਸਲ ਆਫ਼ ਆਰ.ਟੀ.ਆਈ. ਐਕਟਵਿਸਟ ਦੇ ਸਕੱਤਰ ਅਰਵਿੰਦ ਸ਼ਰਮਾ ਨੇ ਗਵਰਨਰ ਪੰਜਾਬ, ਮੁੱਖ ਚੋਣ ਅਧਿਕਾਰੀ ਪੰਜਾਬ ਅਤੇ ਕਮਿਸ਼ਨਰ ਨਗਰ ਨਿਗਮ ਨੂੰ ਸ਼ਿਕਾਇਤ ਭੇਜ ਕੇ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਸਿਆਸੀ ਸ਼ਹਿ ‘ਤੇ ਹੋ ਰਹੀਆ ਉਸਾਰੀਆਂ ਵਿਰੁੱਧ ਅਧਿਕਾਰੀ ਕਾਰਵਾਈ ਕਰਨ ਤੋਂ ਟਾਲਾ ਵੱਟੀ ਬੈਠੇ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਜੋਨ ਏ. ਅਧੀਨ ਪੈਂਦੇ ਮੁਹੱਲਾ ਸਲੇਮਟਾਬਰੀ, ਪੱਖੋਵਾਲ ਰੋਡ ਮੁੱਖ ਸੜਕ ‘ਤੇ ਬਿਨ੍ਹਾਂ ਪਾਰਕਿੰਗ ਸਥਾਨ ਮੁਹੱਈਆ ਕਰਾਏ ਬਹੁਮੰਜਿਲਾ ਇਮਾਰਤਾਂ ਦੀ ਉਸਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਕ੍ਰਿਸ਼ਨਾ ਮੰਦਿਰ ਰੋਡ ਮਾਡਲ ਟਾਊਨ ਐਕਸਟੈਨਸ਼ਨ ਦੇ ਰਿਹਾਇਸ਼ੀ ਪਲਾਟਾਂ ਵਿਚ ਵਪਾਰਕ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਖ਼ਿਲਾਫ਼ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀ ਹੋ ਰਹੀ।