ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਅਤੇ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਚੋਣ ਕਮਿਸ਼ਨ ਨੇ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਚੋਣ ਕਮਿਸ਼ਨ ਨੇ ਇਨ੍ਹਾਂ ਦੋਵਾਂ ਉਮੀਦਵਾਰਾਂ ਨਾਲ 24 ਘੰਟੇ ਪੁਲਿਸ ਪਾਰਟੀ ਅਤੇ ਵੀਡੀਓ ਨਿਗਰਾਨੀ ਟੀਮਾਂ ਦੇ ਹੁਕਮ ਦਿੱਤੇ ਹਨ। ਇਹ ਹੁਕਮ ਆਤਮ ਨਗਰ ਹਲਕੇ ਦੀ ਰਿਟਰਨਿੰਗ ਅਫ਼ਸਰ ਪੂਨਮਦੀਪ ਕੌਰ ਨੇ ਜਾਰੀ ਕੀਤੇ ਹਨ।
ਸੋਮਵਾਰ ਰਾਤ ਨੂੰ ਹੋਈ ਹਿੰਸਕ ਝੜਪ ਤੋਂ ਬਾਅਦ ਮੰਗਲਵਾਰ ਨੂੰ ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਨੂੰ ਕੋਰਟ ਕੰਪਲੈਕਸ ਦੇ ਬਾਹਰੋਂ ਗ੍ਰਿਫਤਾਰ ਕੀਤਾ ਸੀ ਅਤੇ ਦੇਰ ਰਾਤ ਚੋਣ ਕਮਿਸ਼ਨ ਦੇ ਦਖਲ ਤੋਂ ਬਾਅਦ ਪੁਲਿਸ ਨੇ ਬੈਂਸ ਨੂੰ ਰਿਹਾਅ ਕਰ ਦਿੱਤਾ। ਆਤਮ ਨਗਰ ਹਲਕਾ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਅਤਿ ਸੰਵੇਦਨਸ਼ੀਲ ਐਲਾਨਿਆ ਜਾ ਚੁੱਕਾ ਹੈ।
ਇਸ ਤੋਂ ਪਹਿਲਾਂ ਹੋਈਆਂ ਚੋਣਾਂ ‘ਚ ਵੀ ਸਿਮਰਜੀਤ ਸਿੰਘ ਬੈਂਸ ਤੇ ਕਮਲਜੀਤ ਸਿੰਘ ਕੜਵਲ ਵਿਚਾਲੇ ਹਿੰਸਕ ਝੜਪਾਂ ਹੁੰਦੀਆਂ ਰਹੀਆਂ ਹਨ। ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਆਤਮ ਨਗਰ ਹਲਕੇ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਪ੍ਰਸ਼ਾਸਨ ਨੇ ਇਸ ਖੇਤਰ ਵਿੱਚ ਕੇਂਦਰੀ ਸੁਰੱਖਿਆ ਬਲਾਂ ਨੂੰ ਵੀ ਤਾਇਨਾਤ ਕਰ ਦਿੱਤਾ ਹੈ।