ਲੁਧਿਆਣਾ : ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾਂ ਦੁਆਰਾ ਸੋਸ਼ਲ ਮੀਡੀਆ ਵਿੱਚ ਜਾਰੀ ਮੁਲਾਜ਼ਮਾਂ ਨੂੰ ਜ਼ਬਰੀ ਰਿਟਾਇਰ ਕਰਨ ਦੇ ਬਿਆਨ ਦਾ ਅਧਿਆਪਕ ਸੰਗਠਨਾਂ ਨੇ ਸਖਤ ਨੋਟਿਸ ਲਿਆ ਹੈ। ਗੌਰਤਲਬ ਹੈ ਕਿ ਮੀਡੀਆ ਵਿੱਚ ਜਾਰੀ ਬਿਆਨਾਂ ਅਤੇ ਇਕ ਵਾਇਰਲ ਵੀਡਿਓ ‘ਚ ਡੀ. ਸੀ. ਲੁਧਿਆਣਾ ਵੱਖ- ਵੱਖ ਕਾਰਨਾਂ ਕਰਕੇ ਡਿਊਟੀ ਤੋਂ ਛੋਟ ਮੰਗਦੇ ਇਕ ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੂੰ ਰਿਟਾਇਰ ਕਰਨ ਦੀ ਸਿਫਾਰਿਸ਼ ਸਰਕਾਰ ਨੂੰ ਭੇਜਣ ਦੀ ਗੱਲ ਆਖੀ ਹੈ।
ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਜਨਰਲ ਸਕੱਤਰ ਦਲਜੀਤ ਸਮਰਾਲੇ ਨੇ ਕਿਹਾ ਹੈ ਕਿ ਡੀ. ਸੀ. ਲੁਧਿਆਣਾ ਦਾ ਇਹ ਵਰਤਾਓ ਕਿਸੇ ਬੜਬੋਲੇ ਸਿਆਸੀ ਨੇਤਾ ਵਾਲਾ ਅਤੇ ਵਪਾਰਿਕ ਕੰਪਨੀ ਦੇ ਸੀ ਈ ਓ ਵਾਲਾ ਹੈ। ਜੇ ਇਸ ਵਰਤਾਓ ਨੂੰ ਡੀ. ਸੀ. ਸਾਹਿਬ ਨੇ ਜਾਰੀ ਰੱਖਣਾ ਹੈ ਤਾਂ ਆਪ ਰਿਟਾਇਰਮੈਂਟ ਲੈ ਕੇ ਕੋਈ ਕਾਰਪੋਰੇਟ ਕੰਪਨੀ ਨੂੰ ਜਾਇਨ ਕਰ ਲੈਣ।
ਉਹਨਾਂ ਕਿਹਾ ਕਿ ਇਹੋ ਜਿਹੇ ਸਿਵਲ ਅਧਿਕਾਰੀ ਸਿਵਲ ਸਰਵੈਂਟ ਵਾਲੀ ਭਾਸ਼ਾ ਭੁੱਲ ਗਏ ਹਨ ਅਤੇ ਪਬਲਿਕ ਸੈਕਟਰ ਵਿੱਚ ਲੋਕ ਭਲਾਈ ਲਈ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਆਪਣੇ ਨਿਜੀ ਨੌਕਰ ਸਮਝ ਕੇ ਗੱਲ ਕਰਦੇ ਹਨ। ਉਹਨਾਂ ਨੂੰ ਚੇਤਾ ਨਹੀਂ ਕਿ ਇਕ ਜਮਹੂਰੀ ਨਿਜ਼ਾਮ ਲਈ ਇਹ ਜ਼ਰੂਰੀ ਹੈ ਕਿ ਲੋਕਾਂ ਅਤੇ ਕਰਮਚਾਰੀਆਂ ਤੋਂ ਕੋਈ ਵੀ ਕੰਮ ਲੈਣ ਸਮੇਂ ਉਨ੍ਹਾਂ ਦੇ ਮੌਲਿਕ ਅਤੇ ਮਨੁੱਖੀ ਅਧਿਕਾਰਾਂ ਦਾ ਖ਼ਿਆਲ ਰੱਖਿਆ ਜਾਵੇ।