ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਕ ਮੁੱਖ ਮੰਤਰੀ ਜਿਸਦੇ ਫਰੰਟ ਮੈਨ ਅਤੇ ਭਾਣਜੇ ਤੋਂ ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈ ਡੀ ਨੇ 10 ਕਰੋੜ ਰੁਪਏ ਨਗਦ, ਵੱਡੀ ਮਾਤਰਾ ਵਿਚ ਸੋਨਾ ਤੇ 56 ਕਰੋੜ ਰੁਪਏ ਦੀ ਨਜਾਇਜ਼ ਜਾਇਦਾਦ ਦੇ ਕਾਗਜ਼ ਬਰਾਮਦ ਕੀਤੇ ਹੋਣ , ਉਹ ਕਿਸੇ ਵੀ ਪੈਮਾਨੇ ਤੋਂ ਗਰੀਬ ਨਹੀਂ ਹੋ ਸਕਦਾ।
ਅਕਾਲੀ ਦਲ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਚੰਨੀ ਨੂੰ ਗਰੀਬ ਮੁੱਖ ਮੰਤਰੀ ਦੱਸਣ ਬਾਰੇ ਮੀਡੀਆ ਦੇ ਸਵਾਲਾ ਦਾ ਜਵਾਬ ਦੇ ਰਹੇ ਸਨ। ਉਹਨਾਂ ਕਿਹਾ ਕਿ ਇਹ ਹਰ ਕੋਈ ਜਾਣਦਾ ਹੈ ਕਿ ਚੰਨੀ ਜੋ ਗੈਰ ਕਾਨੂੰਨੀ ਕਲੋਨੀਆਂ ਕੱਟਣ ਦਾ ਮਾਹਿਰ ਹੈ, ਰੇਤ ਮਾਫੀਆ ਦਾ ਸਰਗਨਾ ਹੈ ਜਿਸਨੇ 500 ਕਰੋੜ ਰੁਪਏ ਨਾਲੋਂ ਵੱਧ ਬਣਾਏ ਹਲ। ਉਹਨਾਂ ਕਿਹਾ ਕਿ ਜੇਕਰ ਅਸੀਂ ਚੰਨੀ ਦੀ ਦੌਲਤ ਮਾਪਣ ਲਈ ਰਾਹੁਲ ਗਾਂਧੀ ਦਾ ਪੈਮਾਨਾ ਵਰਤਾਂਗੇ ਤਾਂ ਫਿਰ ਗਾਂਧੀ ਪਰਿਵਾਰ ਵੀ ਬਹੁਤ ਗਰੀਬ ਨਜ਼ਰ ਆਵੇਗਾ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਾ ਸਿਰਫ ਪੰਜਾਬੀਆਂ ਨੁੰ ਧੋਖਾ ਦਿੱਤਾ ਬਲਕਿ ਅਨੁਸੂਚਿਤ ਜਾਤੀਆਂ ਅਤੇ ਸਮਾਜ ਦੇ ਕਮਜੋਰ ਵਰਗਾਂ ਨੁੰ ਵੀ ਧੋਖਾ ਦਿੱਤਾ ਹੈ। ਉਹਨਾਂ ਨੇ ਚੰਨੀ ਨੂੰ ਆਖਿਆ ਕਿ ਉਹ ਦੱਸਣ ਕਿ ਉਹਨਾਂ ਕਦੇ ਵੀ ਅਨੁਸੂਚਿਤ ਜਾਤੀ ਭਾਈਚਾਰੇ ਅਤੇ ਗਰੀਬਾਂ ਲਈ ਆਵਾਜ਼ ਬੁਲੰਦ ਕਿਉਂ ਨਹੀਂ ਕੀਤੀ।
ਸਰਦਾਰ ਬਾਦਲ ਨੇ ਇਹ ਵੀ ਸਪਸ਼ਟ ਕੀਤਾ ਕਿ ਭਾਵੇਂ ਕਾਂਗਰਸ ਪਾਰਟੀ ਜਿੰਨੇ ਮਰਜ਼ੀ ਮੁੱਖ ਮੰਤਰੀ ਦੇ ਚੇਹਰੇ ਐਲਾਨ ਲਵੇ, ਇਸਦਾ ਬਚਾਅ ਨਹੀਂ ਹੋ ਸਕਦਾ। ਉਹਨਾ ਕਿਹ ਕਿ ਕਾਂਗਰਸ ਪਾਰਟੀ ਦਾ ਬੇੜਾ ਪੰਜਾਬ ਵਿਚ ਦਿਨ ਬ ਦਿਨ ਡੁੱਬਦਾ ਜਾ ਰਿਹਾ ਹੈ। ਜਦੋਂ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਉਹ ਕਦੇ ਸ਼ੋਅਪੀਸ ਨਹੀਂ ਬਣਨਗੇ ਪਰ ਹੁਣ ਨਾ ਸਿਰਫ ਰਾਹੁਲ ਗਾਂਧੀ ਨੇ ਘੋੜੇ ਨੁੰ ਬੰਨ ਦਿੱਤਾ ਹੈ ਬਲਕਿ ਇਕ ਅਸਤਬਲ ਵਿਚ ਬੰਦ ਵੀ ਕਰ ਦਿੱਤਾ ਹੈ।
ਜਦੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਬਾਰੇ ਪੁੱਛਿਆ ਗਿਆ ਤਾਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜ ਸਾਲ ਬਾਅਦ ਕੇਜਰੀਵਾਲ ਪੰਜਾਬੀਆਂ ਨੂੰ ਵੱਡੇ ਵੱਡੇ ਵਾਅਦੇ ਕਰ ਕੇ ਵੋਟਾਂ ਮੰਗਣ ਆ ਗਏ ਹਨ। ਪੰਜ ਸਾਲ ਤੱਕ ਉਹ ਸੂਬੇ ਵਿਚ ਕਦੇ ਨਹੀਂ ਆਏ। ਉਹਨਾਂ ਦੀ ਪਾਰਟੀ ਦੇ 20 ਵਿਚੋਂ 11 ਵਿਧਾਇਕ ਪਾਰਟੀ ਛੱਡ ਕੇ ਭੱਜ ਗਏ। ਅੱਜ ਉਹ ਟਿਕਟਾਂ ਵੇਚ ਕੇ ਕਰੋੜਾਂ ਰੁਪਏ ਇਕੱਠੇ ਕਰਨ ਵਾਸਤੇ ਆਏ ਹਨ।