ਲੁਧਿਆਣਾ : ਰਾਹੁਲ ਗਾਂਧੀ ਵਲੋਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ। ਇਸ ਐਲਾਨ ਤੋਂ ਬਾਅਦ ਚੰਨੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੇਰੇ ’ਤੇ ਭਰੋਸਾ ਕਰਨ ਉਹ ਪਾਰਟੀ ਹਾਈਕਮਾਨ ਅਤੇ ਪੰਜਾਬ ਦੇ ਲੋਕਾਂ ਦੇ ਸ਼ੁਕਰ ਗੁਜ਼ਾਰ ਹਨ।
ਜਿਸ ਤਰ੍ਹਾਂ ਸਾਰਿਆਂ ਨੇ ਸਾਨੂੰ ਪਿਛਲੇ 111 ਦਿਨਾਂ ਵਿਚ ਪੰਜਾਬ ਨੂੰ ਅੱਗੇ ਲੈ ਕੇ ਜਾਣ ਲਈ ਮਿਹਨਤ ਕਰਦਿਆਂ ਦੇਖਿਆ ਹੈ, ਉਹ ਯਕੀਨ ਦੁਆਉਂਦੇ ਹਨ ਕਿ ਅੱਗੇ ਵੀ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ’ਤੇ ਲੈ ਕੇ ਜਾਣਗੇ।
ਲੁਧਿਆਣਾ ਵਿਚ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਹੀਰਿਆਂ ਨਾਲ ਭਰੀ ਪਈ ਹੈ ਅਤੇ ਪੰਜਾਬ ਦੀ ਜਨਤਾ ਨੇ ਉਨ੍ਹਾਂ ਨੂੰ ਬਹੁਤ ਮੁਸ਼ਕਿਲ ਕੰਮ ਸੌਂਪਿਆ ਹੈ। ਰਾਹੁਲ ਨੇ ਕਿਹਾ ਕਿ ਸਟੇਜ ’ਤੇ ਭਾਂਸ਼ਣ ਦੇਣਾ ਸੌਖਾ ਹੈ ਪਰ ਡੂੰਘਾਈ ਨਾਲ ਦੇਖੋ ਤਾਂ ਇਕ ਆਗੂ ਦੀ ਸੱਚਾਈ ਲੁੱਕ ਨਹੀਂ ਸਕਦੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਿਹਰਾ ਨਹੀਂ ਚੁਣਿਆ। ਮੈਂ ਪੰਜਾਬ ਦੇ ਲੋਕਾਂ ਤੋਂ ਪੁੱਛਿਆ। ਉਮੀਦਵਾਰਾਂ ਅਤੇ ਵਰਕਰਾਂ, ਵਰਕਿੰਗ ਕਮੇਟੀ ਦੇ ਮੈਂਬਰਾਂ ਤੋਂ ਪੁੱਛਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੁਦ ਆਪਣਾ ਨੇਤਾ ਚੁਨਣਾ ਚਾਹੀਦਾ ਹੈ। ਮੈਂ ਸਿਰਫ ਸਲਾਹ ਦੇ ਸਕਦਾ ਹਾਂ ਪਰ ਪੰਜਾਬ ਦਾ ਫ਼ੈਸਲਾ ਜ਼ਿਆਦਾ ਜ਼ਰੂਰੀ ਹੈ।