ਲੁਧਿਆਣਾ : ਪਸ਼ੂ ਪਾਲਕਾਂ ਦੀ ਸਹੂਲਤ ਲਈ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਇਕ ਮੋਬਾਇਲ ਐਪ ‘ਗਡਵਾਸੂ ਸਰਵਿਸਿਜ਼’ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਐਪ ਸਹਾਇਕ ਪ੍ਰੋਫੈਸਰ ਡਾ.ਅਮਨਦੀਪ ਸਿੰਘ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਕਾਸ਼ ਸਿੰਘ ਬਰਾੜ ਵਲੋਂ ਤਿਆਰ ਕੀਤੀ ਗਈ ਹੈ ਅਤੇ ਇਸ ਵਿਚ ਪਸ਼ੂਧਨ ਖੇਤਰ ਵਿਚ ਮੁਹੱਈਆ ਕੀਤੀਆਂ ਜਾ ਰਹੀਆਂ ਸਾਰੀਆਂ ਸੇਵਾਵਾਂ ਨੂੰ ਸ਼ਾਮਿਲ ਕਰਕੇ ਉਨ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ।
ਡੇਅਰੀ ਕਿਸਾਨਾਂ ਲਈ ਮਹੀਨਾਵਾਰ ਸੈਮੀਨਾਰ ਕੀਤਾ ਗਿਆ। ਇਸ ਸੈਮੀਨਾਰ ਵਿਚ ਪ੍ਰੋਗਰੈਸਿਵ ਲਾਈਵਸਟਾਕ ਫਾਰਮਰਜ਼ ਐਸੋਸੀਏਸ਼ਨ ਨਾਲ ਜੁੜੇ ਕਿਸਾਨਾਂ ਅਤੇ ਆਹੁਦੇਦਾਰਾਂ ਨੇ ਹਿੱਸਾ ਲਿਆ। ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਸੈਮੀਨਾਰ ਦੇ ਮੁੱਖ ਮਹਿਮਾਨ ਸਨ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਕਾਸ਼ ਸਿੰਘ ਬਰਾੜ ਅਤੇ ਜਸਵਿੰਦਰ ਸਿੰਘ ਢਿੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਨੇ ਵੀ ਸਮਾਗਮ ਦੀ ਸੋਭਾ ਵਧਾਈ।
ਡਾ. ਇੰਦਰਜੀਤ ਸਿੰਘ ਨੇ ਆਪਣੇ ਉਦਘਾਟਨੀ ਸੰਬੋਧਨ ਵਿਚ ਡੇਅਰੀ ਕਿੱਤੇ ਨੂੰ ਮੁਨਾਫ਼ੇਵੰਦ ਬਨਾਉਣ ਲਈ ਦੁੱਧ ਦੀ ਮੰਡੀਕਾਰੀ ਦੀ ਮਹੱਤਤਾ ਅਤੇ ਪਹਿਲੂਆਂ ਸੰਬੰਧੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਦੀ ਆਮਦਨ ਵਧਾਉਣ ਲਈ ਸਾਨੂੰ ਏਕੀਕਿ੍ਤ ਖੇਤੀਬਾੜੀ ਪ੍ਰਬੰਧ ਸਿਰਜਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਿਹਤਰ ਉਤਪਾਦਨ ਲਈ ਬਿਮਾਰੀਆਂ ਨੂੰ ਕਾਬੂ ਕਰਨਾ ਅਤੇ ਸਹੀ ਟੀਕਾਕਰਨ ਕਰਨਾ ਬਹੁਤ ਜ਼ਰੂਰੀ ਹੈ।
ਮੁਖੀ ਵੈਟਰਨਰੀ ਪਸਾਰ ਸਿੱਖਿਆ ਵਿਭਾਗ ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਪਸ਼ੂਆਂ ਵਿਚ ‘ਤੂਅ ਜਾਣ ਦੀ ਬਿਮਾਰੀ’ ਸੰਬੰਧੀ ਗਿਆਨ ਸਾਂਝਾ ਕੀਤਾ, ਜਦਕਿ ਡਾ. ਚਰਨਜੀਤ ਸਿੰਘ ਰੰਧਾਵਾ ਮੁਖੀ ਵੈਟਰਨਰੀ ਮੈਡੀਸਨ ਵਿਭਾਗ ਨੇ ‘ਡੇਅਰੀ ਪਸ਼ੂਆਂ ਵਿਚ ਲਾਗ ਵਾਲੀਆਂ ਬਿਮਾਰੀਆਂ ਤੋਂ ਬਚਾਅ’ ਸੰਬੰਧੀ ਨੀਤੀਆਂ ਬਾਰੇ ਚਰਚਾ ਕੀਤੀ।