ਲੁਧਿਆਣਾ : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਦੇ ਬਿਆਨ ਨੇ ਮੁੜ ਵਿਵਾਦ ਖੜ੍ਹਾ ਕਰ ਦਿੱਤਾ ਹੈ। ਆਪਣੇ ਪਿਤਾ ਦੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਇੱਕ ਘੰਟੇ ਦੀ ਪੈਰੋਲ ‘ਤੇ ਦੁੱਗਰੀ ਬਾਈਪਾਸ ਫਲਾਈਓਵਰ ਨੇੜੇ ਗੁਰਦੁਆਰਾ ਸਾਹਿਬ ਪਹੁੰਚੇ ਰਾਜੋਆਣਾ ਨੇ ਕਾਂਗਰਸ ਨੂੰ ਸਿੱਖਾਂ ਦੀ ਕਾਤਲ ਦੱਸਿਆ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੀ ਕਾਂਗਰਸ ਦਾ ਰਾਜ ਸਿੱਖਾਂ ਦੇ ਮੱਥੇ ‘ਤੇ ਕਲੰਕ ਹੈ। ਸਾਰੀ ਕੌਮ ਨੂੰ ਅਕਾਲੀ ਦਲ ਨੂੰ ਜੇਤੂ ਬਨਾਣਾ ਸਿੱਖ ਕੌਮ ਦਾ ਭਲਾ ਹੈ।
ਰਾਜੋਆਣਾ ਦੇ ਬਿਆਨ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਜੇਲ੍ਹ ਵਿੱਚ ਹੀ ਰਹਿਣਾ ਚਾਹੀਦਾ ਹੈ। ਇਹੋ ਜਿਹੇ ਲੋਕ ਬਾਹਰ ਆ ਕੇ ਨਫ਼ਰਤ ਫੈਲਾਉਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਾਜੋਆਣਾ ਅਤੇ ਬਾਦਲਾਂ ਦੇ ਸਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ। ਰਾਜੋਆਣਾ ਦੇ ਪਿਤਾ ਦੇ ਭੋਗ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਵੀ ਮੌਜੂਦ ਸਨ। ਜਥੇਦਾਰ ਨੇ ਰਾਜੋਆਣਾ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਦੇ ਸਿਰ ‘ਤੇ ਨੀਲੇ ਰੰਗ ਦੀ ਦਸਤਾਰ ਸਜਾਈ ਅਤੇ ਉਨ੍ਹਾਂ ਨਾਲ ਗੁਰਦੁਆਰਾ ਸਾਹਿਬ ਵਿਖੇ ਲੰਗਰ ਵੀ ਛਕਿਆ।