ਲੁਧਿਆਣਾ : ਟੈਂਡਰਸ ਦੀ ਕਮੀ ਕਰਕੇ ਇਨ੍ਹੀਂ ਦਿਨੀਂ ਸਾਈਕਲ ਇੰਡਸਟਰੀ ਭਾਰੀ ਪਰੇਸ਼ਾਨੀ ਦੇ ਦੌਰ ‘ਚੋਂ ਗੁਜ਼ਰ ਰਹੀ ਹੈ। ਸਾਈਕਲ ਇੰਡਸਟਰੀ ਨੂੰ ਟੈਂਡਰ ਨਾ ਆਉਣ ਦੀ ਮੁੱਖ ਵਜ੍ਹਾ ਸੂਬਾ ਸਰਕਾਰਾਂ ਕੋਲ ਕੋਵਿਡ ਕਾਰਨ ਬਜਟ ਦੀ ਘਾਟ ਹੋਣ ਦੇ ਨਾਲ-ਨਾਲ ਸਕੂਲਾਂ ਦਾ ਨਾ ਚੱਲ ਸਕਣਾ ਹੈ। ਅਜਿਹੇ ਵਿਚ ਹਰ ਸਾਲ ਲੱਖਾਂ ਸਾਈਕਲਾਂ ਦੇ ਟੈਂਡਰ ਪਾਉਣ ਵਾਲੀ ਇੰਡਸਟਰੀ ਦੇ ਹੱਥ ਨਾਮਾਤਰ ਟੈਂਡਰ ਹੀ ਆ ਰਹੇ ਹਨ।
ਸਾਈਕਲ ਇੰਡਸਟਰੀ ਦੀ ਕੁੱਲ ਪ੍ਰੋਡਕਸ਼ਨ ‘ਚ 40 ਫ਼ੀਸਦ ਹਿੱਸਾ ਸਾਈਕਲ ਟੈਂਡਰ ਦਾ ਹੁੰਦਾ ਹੈ, ਪਰ ਹੁਣ ਸਾਈਕਲ ਟੈਂਡਰ ਦੀ ਗੱਲ ਕਰੀਏ ਤਾਂ ਇਸ ਸਾਲ ਸਿਰਫ਼ 25 ਤੋਂ 30 ਫ਼ੀਸਦ ਟੈਂਡਰ ਆਰਡਰ ਹੀ ਮਿਲ ਰਹੇ ਹਨ। ਅਜਿਹੇ ਵਿਚ ਹੁਣ ਇੰਡਸਟਰੀ ਨੇ ਰੁਖ਼ ਘਰੇਲੂ ਬਾਜ਼ਾਰ ‘ਚ ਫੈਨਸੀ ਸਾਈਕਲਾਂ ਦੇ ਨਾਲ-ਨਾਲ ਇੰਟਰਨੈਸ਼ਨਲ ਮਾਰੀਕਟ ਦੀ ਡਿਮਾਂਡ ਨੂੰ ਪੂਰਾ ਕਰਨ ਵੱਲ ਕਰ ਲਿਆ ਹੈ।
ਏਵਨ ਸਾਈਕਲ ਲਿਮਟਿਡ ਦੇ ਸੀਐਮਡੀ ਓਂਕਾਰ ਸਿੰਘ ਪਾਹਵਾ ਅਨੁਸਾਰ ਭਾਵੇਂ ਕੋਵਿਡ ਕਾਰਨ ਸਾਈਕਲਾਂ ਦੇ ਟੈਂਡਰ ਘਟੇ ਹਨ, ਪਰ ਹੁਣ ਉਦਯੋਗ ਉੱਚ ਪੱਧਰੀ ਸਾਈਕਲਾਂ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਵੱਖ-ਵੱਖ ਰਾਜਾਂ ਦੀਆਂ ਸੂਬਾ ਸਰਕਾਰਾਂ ਕੋਵਿਡ ਤੋਂ ਬਚਾਅ ਲਈ ਆਪਣੇ ਬਜਟ ਦੀ ਵਰਤੋਂ ਕਰ ਰਹੀਆਂ ਹਨ। ਇਸ ਦੇ ਨਾਲ ਹੀ ਸਕੂਲ ਬੰਦ ਹੋਣਾ ਵੀ ਇੱਕ ਵੱਡਾ ਕਾਰਨ ਹੈ।
ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀਐਸ ਚਾਵਲਾ ਅਨੁਸਾਰ ਸਾਈਕਲ ਟੈਂਡਰ ਲੁਧਿਆਣਾ ਦੀ ਸਾਈਕਲ ਸਨਅਤ ਦਾ ਪਹੀਆ ਚਲਾਉਣ ਲਈ ਕਾਰਗਰ ਸੀ ਕਿਉਂਕਿ ਆਰਡਰ ਆਉਣ ਨਾਲ ਨਾ ਸਿਰਫ਼ ਪੂਰੇ ਸਾਈਕਲ ਨਿਰਮਾਤਾਵਾਂ ਨੂੰ ਸਗੋਂ MSME ਯੂਨਿਟਾਂ ਨੂੰ ਵੀ ਪੁਰਜ਼ਿਆਂ ਦੇ ਚੰਗੇ ਆਰਡਰ ਮਿਲਦੇ ਹਨ। ਟੈਂਡਰਾਂ ਦੇ ਲਿਹਾਜ਼ ਨਾਲ ਇਹ ਸਾਲ ਬਹੁਤ ਚਿੰਤਾਜਨਕ ਰਿਹਾ ਹੈ।