ਲੁਧਿਆਣਾ : ਵਿਧਾਨ ਸਭਾ ਹਲਕਾ ਪੂਰਬੀ ਤੋਂ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਵਲੋਂ ਚੋਣ ਅਧਿਕਾਰੀ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਢਿੱਲੋਂ ਨੇ ਕਿਹਾ ਕਿ ਅੱਜ ਸੂਬੇ ਭਰ ਵਿਚ ਅਕਾਲੀ ਦਲ-ਬਸਪਾ ਗੱਠਜੋੜ ਦੀ ਲਹਿਰ ਚੱਲ ਰਹੀ ਹੈ ਅਤੇ ਗੱਠਜੋੜ ਸੂਬੇ ਵਿਚ ਭਾਰੀ ਬਹੁਮਤ ਹਾਸਲ ਕਰਕੇ ਸਰਕਾਰ ਬਣਾਏਗਾ।
ਉਨ੍ਹਾਂ ਦੱਸਿਆ ਕਿ ਹਲਕਾ ਪੂਰਬੀ ਦੇ ਮੌਜੂਦਾ ਵਿਧਾਇਕ ਤੋਂ ਹਰੇਕ ਵਰਗ ਦੁਖੀ ਹੈ ਕਿਉਂਕਿ ਉਸ ਨੇ ਵਿਕਾਸ ਲਈ ਕੋਈ ਕੰਮਕਾਜ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਹਲਕਾ ਪੂਰਬੀ ਤੋਂ ਉਹ ਭਾਰੀ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕਰਨਗੇ। ਉਨ੍ਹਾਂ ਦੱਸਿਆ ਕਿ ਅੱਜ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਪਣੇ ਕਾਗਜ਼ ਦਾਖ਼ਲ ਕਰਨ ਲਈ ਆਏ ਹਨ।
ਸ. ਢਿੱਲੋਂ ਵਲੋਂ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਬੰਧੀ ਅਧਿਕਾਰੀ ਅੱਗੇ ਦਾਖ਼ਲ ਕੀਤੇ ਗਏ ਹਲਫ਼ੀਆ ਬਿਆਨ ਮੁਤਾਬਕ ਸਰਦਾਰ ਢਿੱਲੋਂ ਪਾਸ 46 ਲੱਖ 8 ਹਜ਼ਾਰ 318 ਰੁਪਏ 12 ਪੈਸੇ ਦੀ ਚੱਲ ਜਾਇਦਾਦ ਹੈ, ਜਿਨ੍ਹਾਂ ਵਿਚ 18 ਲੱਖ ਦੀ ਇਨੋਵਾ ਕਾਰ ਅਤੇ ਢਾਈ ਲੱਖ ਦੇ ਜ਼ੇਵਰ ਵੀ ਸ਼ਾਮਿਲ ਹਨ, ਜਦਕਿ ਉਨ੍ਹਾਂ ਦੀ ਪਤਨੀ ਪਾਸ 44 ਲੱਖ 24 ਹਜ਼ਾਰ 649 ਰੁਪਏ 42 ਪੈਸੇ ਦੀ ਚੱਲ ਜਾਇਦਾਦ ਹੈ, ਜਿਸ ਵਿਚ 30 ਲੱਖ 18 ਹਜ਼ਾਰ ਰੁਪਏ ਮੁੱਲ ਦੇ ਗਹਿਣੇ ਹਨ ਅਤੇ ਇਕ 9 ਲੱਖ ਰੁਪਏ ਮੁੱਲ ਦੀ ਕਾਰ ਹੈ।
ਸ. ਢਿਲੋਂ ਪਾਸ 90 ਹਜ਼ਾਰ ਹਜ਼ਾਰ ਦੀ ਨਕਦੀ ਅਤੇ ਉਨ੍ਹਾਂ ਦੀ ਪਤਨੀ ਪਾਸ 40 ਹਜ਼ਾਰ ਰੁਪਏ ਦੀ ਨਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਬੱਚਿਆਂ ਪਾਸ 5 ਲੱਖ 28 ਹਜ਼ਾਰ ਰੁਪਏ ਦੇ ਕਰੀਬ ਦੀ ਚੱਲ ਜਾਇਦਾਦ ਹੈ। ਉਮੀਦਵਾਰ ਢਿੱਲੋਂ ਪਾਸ ਤਿੰਨ ਕਰੋੜ 63 ਲੱਖ 58 ਹਜ਼ਾਰ ਰੁਪਏ ਦੇ ਕਰੀਬ ਅਚੱਲ ਸੰਪਤੀ ਹੈ, ਜਦਕਿ ਉਨ੍ਹਾਂ ਦੀ ਪਤਨੀ ਪਾਸ ਵੀ 75 ਲੱਖ ਰੁਪਏ ਦੀ ਜਾਇਦਾਦ ਹੈ।