ਲੁਧਿਆਣਾ : ਵਿਸ਼ਵ ਪ੍ਰਸਿੱਧ ਗੀਤਕਾਰ ਹਰਦੇਵ ਦਿਲਗੀਰ ਥਰੀਕੇ ਵਾਲਾ ਦੀ ਅੰਤਿਮ ਅਰਦਾਸ ਮੌਕੇ ਦੇਸ਼ ਬਦੇਸ਼ ਤੋਂ ਆਏ ਲੇਖਕਾਂ, ਕਲਾਕਾਰਾਂ ਤੇ ਬੁੱਧੀ ਜੀਵੀਆਂ ਵੱਲੋਂ ਪਿੰਡ ਥਰੀਕੇ ਵਿਖੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। 2000 ਤੋਂ ਵੱਧ ਰੀਕਾਰਡ ਗੀਤਾਂ ਦੇ ਸਿਰਜਕ, 32 ਪੁਸਤਕਾਂ ਦੇ ਲੇਖਕ ਹਰਦੇਵ ਦਿਲਗੀਰ ਪੰਜਾਬੀ ਸਾਹਿੱਤ ਅਕਾਦਮੀ ਦੇ ਵੀ ਜੀਵਨ ਮੈਂਬਰ ਸਨ।
ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਸ਼੍ਰੀ ਡਾਃ ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬ ਵਿੱਚ ਪੰਜ ਦਰਿਆ ਪਾਣੀਆਂ ਦੇ ਹਨ ਅਤੇ ਪੰਜ ਦਰਿਆ ਸਾਹਿੱਤ ਦੇ ਹਨ। ਗੁਰਬਾਣੀ, ਸੂਫੀ ਸਾਹਿਤ, ਕਿੱਸਾ ਕਵਿਤਾ, ਲੋਕ ਸਾਹਿਤ ਤੇ ਸਿਰਜਣਾਤਮਕ ਸਾਹਿੱਤ ਇਥੋਂ ਦੇ ਲੋਕ ਮਨ ਨੂੰ ਸਿੰਜਦੇ ਹਨ। ਹਰਦੇਵ ਦਿਲਗੀਰ ਨੇ ਇਨ੍ਹਾਂ ਸਾਰੇ ਦਰਿਆਵਾਂ ਨੂੰ ਆਤਮਸਾਤ ਕਰਕੇ ਪੰਜਾਬੀ ਲੋਕ ਚੇਤਨਾ ਨੂੰ ਸੁਰ ਸ਼ਬਦ ਸੰਗੀਤ ਨਾਲ ਜੋੜਿਆ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਹਰਦੇਵ ਦਿਲਗੀਰ ਦੇ ਗੀਤਾਂ ਨੇ ਚਾਰ ਪੁਸ਼ਤਾਂ ਨੂੰ ਆਪਣੇ ਗੀਤਾਂ ਨਾਲ ਸਿੰਜਿਆ ਹੈ। ਮੈਂ ਖ਼ੁਦ ਬਚਪਨ ਚ ਉਨ੍ਹਾਂ ਦੇ ਗੀਤ ਸੁਣਾ ਕੇ ਸਕੂਲ ਵੇਲੇ ਇਨਾਮ ਜਿੱਤਦਾ ਰਿਹਾ ਹਾਂ ਤੇ ਹੁਣ ਮੇਰੀ ਸਾਢੇ ਤਿੰਨ ਸਾਲ ਦੀ ਪੋਤਰੀ ਗਿੱਧਾ ਪਾਉ ਕੁੜੀਓ ਨੀ ਮਜਾਜਾਂ ਪਿੱਟੀਉ ਸੁਣ ਕੇ ਨਾਲ ਨਾਲ ਨੱਚਦੀ ਹੈ।
ਵਿਸ਼ਵ ਪ੍ਰਸਿੱਧ ਰਾਗੀ ਭਾਈ ਜੋਗਿੰਦਰ ਸਿੰਘ ਰਿਆੜ ਨੇ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਦਰਬਾਰ ਸੰਪਰਦਾਇ ਲੋਪੋਂ(ਮੋਗਾ) ਵੱਲੋਂ ਹਰਦੇਵ ਦਿਲਗੀਰ ਦੇ ਸਪੁੱਤਰ ਸਃ ਜਗਵੰਤ ਸਿੰਘ ਨੂੰ ਦਸਤਾਰਾਂ ਭੇਂਟ ਕੀਤੀਆਂ ਗਈਆਂ।