ਮਾਛੀਵਾੜਾ ਸਾਹਿਬ ( ਲੁਧਿਆਣਾ ) : ਕਾਂਗਰਸ ਪਾਰਟੀ ਵੱਲੋਂ ਬੀਬੀ ਰਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਸਿੰਘ ਬਾਜਵਾ ਨੂੰ ਹਲਕਾ ਸਾਹਨੇਵਾਲ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ’ਤੇ ਅੱਜ ਉਮੀਦਵਾਰ ਬਾਜਵਾ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਬੇਸ਼ੱਕ ਉਹ ਬੀਬੀ ਦੇ ਜਵਾਈ ਹਨ ਪਰ ਇਹ ਟਿਕਟ ਉਨ੍ਹਾਂ ਨੂੰ ਹਲਕਾ ਸਾਹਨੇਵਾਲ ਅੰਦਰ ਪਿਛਲੇ 12 ਸਾਲਾਂ ਤੋਂ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਕਰਕੇ ਦਿੱਤੀ ਗਈ ਹੈ।
ਬਾਜਵਾ ਨੇ ਕਿਹਾ ਕਿ ਉਹ ਹਲਕਾ ਸਾਹਨੇਵਾਲ ਦਾ ਵਿਕਾਸ ਕਰਵਾਉਣ ਦੇ ਮੁੱਦੇ ਨੂੰ ਲੈ ਕੇ ਚੋਣਾਂ ਲੜਨਗੇ ਅਤੇ ਬੇਸ਼ੱਕ ਪਿਛਲੀ ਕਾਂਗਰਸ ਸਰਕਾਰ ਸਮੇਂ ਵਿਕਾਸ ਹੋਇਆ ਪਰ ਜੋ ਕੰਮ ਅਧੂਰੇ ਰਹਿ ਗਏ ਹਨ, ਉਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਸਾਹਨੇਵਾਲ ਤੋਂ 31 ਉਮੀਦਵਾਰਾਂ ਨੇ ਆਪਣੀ ਦਾਅਵੇਦਾਰੀ ਜਤਾਈ ਸੀ ਪਰ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਯੋਗ ਸਮਝਿਆ ।
ਉਨ੍ਹਾਂ ਇਹ ਵੀ ਕਿਹਾ ਕਿ ਹਲਕਾ ਸਾਹਨੇਵਾਲ ਅੰਦਰ ਕਾਂਗਰਸ ਪਾਰਟੀ ’ਚ ਕੋਈ ਧੜੇਬੰਦੀ ਨਹੀਂ ਅਤੇ ਉਹ ਸਾਰੇ ਕਾਂਗਰਸ ਪਾਰਟੀ ਦੇ ਝੰਡੇ ਹੇਠ ਇੱਕਜੁਟ ਹਨ, ਜਿਸ ਲਈ ਉਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ। ਵਿਕਰਮ ਸਿੰਘ ਬਾਜਵਾ ਕਾਂਗਰਸ ਦੀ ਟਿਕਟ ਮਿਲਣ ਤੋਂ ਬਾਅਦ ਆਪਣੇ ਸਮਰਥਕਾਂ ਸਮੇਤ ਦੇਗਸਰ ਸ੍ਰੀ ਕਟਾਣਾ ਸਾਹਿਬ ਵਿਖੇ ਨਤਮਸਤਕ ਹੋਏ।