ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਅੱਜ 73ਵਾਂ ਗਣਤੰਤਰ ਦਿਵਸ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ ਸ਼ੰਮੀ ਕਪੂਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨਾਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ । ਗਣਤੰਤਰ ਦੇ ਸਨਮਾਨ ਵਿਚ ਰਾਸ਼ਟਰੀ ਗੀਤ ਦਾ ਗਾਇਨ ਵੀ ਹੋਇਆ।
ਡਾ. ਸ਼ੰਮੀ ਕਪੂਰ ਨੇ ਕਿਹਾ ਕਿ ਲੰਘਿਆ ਸਾਲ ਮਨੁੱਖੀ ਹੋਂਦ ਅੱਗੇ ਕੋਰੋਨਾ ਵਰਗੀ ਮਹਾਂਮਾਰੀ ਲੈ ਕੇ ਆਇਆ ਸੀ ਪਰ ਸਰਕਾਰੀ ਸੈਕਟਰ ਦੇ ਬਿਹਤਰ ਤਾਲਮੇਲ ਨਾਲ ਇਸ ਚੁਣੌਤੀ ਉੱਪਰ ਕਾਬੂ ਪਾਇਆ ਜਾ ਸਕਿਆ। ਇਸ ਦੌਰਾਨ ਯੂਨੀਵਰਸਿਟੀ ਵਲੋਂ ਕੀਤੇ ਕਾਰਜਾਂ ਵਿੱਚ ਨਾ ਸਿਰਫ ਆਮ ਲੋਕਾਂ ਨੂੰ ਸਿਹਤ ਅਤੇ ਪੋਸ਼ਣ ਪ੍ਰਤੀ ਸੁਚੇਤ ਕੀਤਾ ਗਿਆ ਸਗੋਂ ਪਸਾਰ ਗਤੀਵਿਧੀਆਂ ਵੀ ਨਿਰਵਿਘਨ ਜਾਰੀ ਰਹੀਆਂ।
ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਵਿਸ਼ੇਸ਼ ਮਹਿਮਾਨ ਡਾ. ਗੁਰਮੀਤ ਸਿੰਘ ਬੁੱਟਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਵਿੱਚ ਅਨੁਸ਼ਾਸ਼ਨ ਦੀ ਲੋੜ ਹੈ। ਨਾਲ ਹੀ ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਗਣਤੰਤਰ ਦੇ ਤੌਰ ਤੇ ਭਾਰਤ ਦੀ ਮਜ਼ਬੂਤੀ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਸਮਾਜ ਨੂੰ ਇੱਕ ਮਜ਼ਬੂਤ ਇਕਾਈ ਵਿੱਚ ਬੰਨ ਕੇ ਰੱਖਣਾ ਸਮੇਂ ਦੀ ਲੋੜ ਹੈ।
ਡਾ. ਬੁੱਟਰ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਜਗਤੇਸ਼ਵਰਜੋਤ ਸਿੰਘ ਨੇ 64 ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ਵਿਚ ਮਰਦਾਂ ਦੇ ਮਿਕਸਡ ਮੁਕਾਬਲਿਆਂ ਵਿਚ ਸੋਨ ਅਤੇ ਜੂਨੀਅਰ ਮੁਕਾਬਲਿਆਂ ਵਿਚ ਕਾਂਸੀ ਦਾ ਤਮਗਾ ਜਿੱਤਿਆ। ਇਸਦੇ ਨਾਲ ਹੀ ਤੇਜਵੀਰ ਗਰੇਵਾਲ ਨੇ ਰੋਲਰ ਸਕੇਟਿੰਗ ਮੁਕਾਬਲੇ ਵਿਚ ਕਾਂਸੀ ਦਾ ਮੈਡਲ ਗਲ ਪਵਾਇਆ। ਇਹ ਸਭ ਪ੍ਰਾਪਤੀਆਂ ਯੂਨੀਵਰਸਿਟੀ ਵਿਦਿਆਰਥੀਆਂ ਦੀ ਮਿਹਨਤ ਦਾ ਸਿੱਟਾ ਹਨ।
ਇਸ ਮੌਕੇ ਪੀਏਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ, ਕੰਪਟਰੋਲਰ ਡਾ ਸੰਦੀਪ ਕਪੂਰ, ਖੇਤੀਬਾੜੀ ਕਾਲਜ ਦੇ ਡੀਨ ਡਾ ਐੱਮਆਈੰਅੈੱਸ ਗਿੱਲ, ਵਧੀਕ ਨਿਰਦੇਸ਼ਕ ਖੋਜ ਡਾ ਗੁਰਸਾਹਿਬ ਸਿੰਘ ਮਨੇਸ ,ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ ਜੀਪੀਐਸ ਸੋਢੀ, ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ, ਸਮੂਹ ਡੀਨ, ਡਾਇਰੈਕਟਰ ਅਤੇ ਹੋਰ ਅਧਿਕਾਰੀ, ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਸ਼ਾਮਿਲ ਸਨ।