ਲੁਧਿਆਣਾ : ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਦੇ 6 ਹਲਕਿਆਂ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਸਾਰੇ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਨਾ ਕਰਨ ਕਰਕੇ ਹਾਲੇ ਚੋਣ ਮੁਹਿੰਮ ਨਹੀਂ ਭਖ਼ ਸਕੀ।
ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਕਾਂਗਰਸ ਨੇ ਕਮਲਜੀਤ ਸਿੰਘ ਕੜਵਲ, ਅਕਾਲੀ-ਬਸਪਾ ਗਠਜੋੜ ਨੇ ਐਡਵੋਕੇਟ ਹਰੀਸ਼ ਰਾਏ ਢਾਂਡਾ, ‘ਆਪ’ ਨੇ ਐਡਵੋਕੇਟ ਕੁਲਵੰਤ ਸਿੰਘ ਸਿੱਧੂ, ਸੰਯੁਕਤ ਸਮਾਜ ਮੋਰਚਾ ਨੇ ਹਰਕੀਰਤ ਸਿੰਘ ਰਾਣਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਹਲਕਾ ਲੁਧਿਆਣਾ ਪੱਛਮੀ ਤੋਂ ਕਾਂਗਰਸ ਨੇ ਭਾਰਤ ਭੂਸ਼ਣ ਆਸ਼ੂ, ਭਾਜਪਾ ਨੇ ਐਡਵੋਕੇਟ ਬਿਕਰਮ ਸਿੰਘ ਸਿੱਧੂ, ਆਪ ਨੇ ਗੁਰਪ੍ਰੀਤ ਗੋਗੀ, ਅਕਾਲੀ-ਬਸਪਾ ਗਠਜੋੜ ਨੇ ਐਡਵੋਕੇਟ ਮਹੇਸ਼ਇੰਦਰ ਸਿੰਘ ਗਰੇਵਾਲ, ਸੰਯੁਕਤ ਸਮਾਜ ਮੋਰਚਾ ਨੇ ਤਰੁਣ ਜੈਨ ਬਾਵਾ ਨੂੰ ਉਮਦੀਵਾਰ ਐਲਾਨ ਦਿੱਤਾ ਹੈ।
ਹਲਕਾ ਲੁਧਿਆਣਾ ਉੱਤਰੀ ਤੋਂ ਅਕਾਲੀ-ਬਸਪਾ ਗਠਜੋੜ ਨੇ ਆਰ.ਡੀ. ਸ਼ਰਮਾ, ਆਪ ਨੇ ਚੌਧਰੀ ਮਦਨ ਲਾਲ ਬੱਗਾ, ਕਾਂਗਰਸ ਨੇ ਰਾਕੇਸ਼ ਪਾਂਡੇ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਹਲਕਾ ਲੁਧਿਆਣਾ ਕੇਂਦਰੀ ਤੋਂ ਕਾਂਗਰਸ ਨੇ ਸੁਰਿੰਦਰ ਡਾਵਰ, ਅਕਾਲੀ-ਬਸਪਾ ਨੇ ਪਿ੍ਤਪਾਲ ਸਿੰਘ, ਆਪ ਨੇ ਅਸ਼ੋਕ ਪਰਾਸ਼ਰ ਪੱਪੀ, ਭਾਜਪਾ ਨੇ ਗੁਰਦੇਵ ਸ਼ਰਮਾ ਦੇਬੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਹਲਕਾ ਲੁਧਿਆਣਾ ਪੂਰਬੀ ਤੋਂ ਕਾਂਗਰਸ ਨੇ ਸੰਜੇ ਤਲਵਾੜ, ਅਕਾਲੀ-ਬਸਪਾ ਨੇ ਰਣਜੀਤ ਸਿੰਘ ਢਿੱਲੋਂ, ਆਪ ਨੇ ਦਲਜੀਤ ਸਿੰਘ ਭੋਲਾ ਗਰੇਵਾਲ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਹਲਕਾ ਲੁਧਿਆਣਾ ਦੱਖਣੀ ਤੋਂ ਆਪ ਨੇ ਰਾਜਿੰਦਰਪਾਲ ਕੌਰ ਛੀਨਾ, ਅਕਾਲੀ-ਬਸਪਾ ਨੇ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ, ਆਰ.ਜੇ.ਡੀ. ਨੇ ਸਨਅਤਕਾਰ ਟੀ.ਆਰ. ਮਿਸ਼ਰਾ ਨੂੰ ਉਮੀਦਵਾਰ ਐਲਾਨਿਆ ਹੈ।
ਲੁਧਿਆਣਾ ‘ਚ ਭਾਜਪਾ ਤੇ ਲੋਕ ਇਨਸਾਫ਼ ਪਾਰਟੀ ਵਲੋਂ ਹਲਕਾ ਆਤਮ ਨਗਰ, ਹਲਕਾ ਲੁਧਿਆਣਾ ਦੱਖਣੀ, ਹਲਕਾ ਲੁਧਿਆਣਾ ਪੂਰਬੀ, ਹਲਕਾ ਲੁਧਿਆਣਾ ਉਤਰੀ ਤੋਂ ਉਮੀਦਵਾਰ ਨਹੀਂ ਐਲਾਨਿਆ ਗਿਆ। ਜਦਕਿ ਲੋਕ ਇਨਸਾਫ਼ ਪਾਰਟੀ ਨੇ 4 ਹਲਕਿਆਂ ਤੋਂ ਇਲਾਵਾ ਲੁਧਿਆਣਾ ਪੱਛਮੀ ਤੇ ਲੁਧਿਆਣਾ ਕੇਂਦਰੀ ਤੋਂ ਵੀ ਉਮੀਦਵਾਰ ਦਾ ਹਾਲੇ ਐਲਾਨ ਨਹੀਂ ਕੀਤਾ, ਜਦਕਿ ਕਾਂਗਰਸ ਪਾਰਟੀ ਨੇ ਲੁਧਿਆਣਾ ਸ਼ਹਿਰੀ ਦੀਆਂ 6 ‘ਚੋਂ 1 ਹਲਕਾ ਲੁਧਿਆਣਾ ਦੱਖਣੀ ਤੋਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ।
ਸੰਯੁਕਤ ਸਮਾਜ ਮੋਰਚਾ ਵਲੋਂ ਵੀ ਹਲਕਾ ਲੁਧਿਆਣਾ ਪੂਰਬੀ ਤੇ ਹਲਕਾ ਆਤਮ ਨਗਰ ਨੂੰ ਛੱਡ ਕੇ ਬਾਕੀ 4 ਹਲਕਿਆਂ ਤੋਂ ਹਾਲੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ। ਚੋਣ ਕਮਿਸ਼ਨ ਵਲੋਂ 5 ਵਿਅਕਤੀ ਤੋਂ ਵੱਧ ਇਕੱਠੇ ਨਾ ਹੋਣ, ਚੋਣ ਰੈਲੀਆਂ, ਚੋਣ ਮੀਟਿੰਗਾਂ, ਮੋਟਰਸਾਈਕਲ/ਪੈਦਲ/ਸਾਈਕਲ ਮਾਰਚ ਨਾ ਕੱਢਣ ਦਾ ਹੁਕਮ ਜਾਰੀ ਕਰਨ ਕਰਕੇ ਅਤੇ ਚੋਣਾਂ 14 ਦੀ ਬਜਾਏ 20 ਫਰਵਰੀ ਨੂੰ ਹੋਣ ਕਰਕੇ ਹਾਲੇ ਉਮੀਦਵਾਰਾਂ ਨੇ ਆਪਣੀਆਂ ਚੋਣ ਸਰਗਰਮੀਆਂ ਨੂੰ ਜ਼ੋਰਦਾਰ ਤਰੀਕੇ ਨਾਲ ਨਹੀਂ ਭਖਾਇਆ।
ਉਮੀਦਵਾਰਾਂ ਤੇ ਉਨ੍ਹਾਂ ਨੇ ਸਮਰਥਕਾਂ ਵਲੋਂ ਰੁੱਸਿਆ ਨੂੰ ਮਨਾਉਣ ਤੇ ਲੋਕਾਂ ਨਾਲ ਨਿੱਜੀ ਸੰਪਰਕ ਕਰਨ ਵਾਲੇ ਪਾਸੇ ਧਿਆਨ ਦਿੱਤਾ ਜਾ ਰਿਹਾ ਹੈ। ਲੁਧਿਆਣਾ ਵਿਚ ਚੋਣ ਮੁਹਿੰਮ ਸਾਰੀਆਂ ਪਾਰਟੀਆਂ ਵਲੋਂ ਸਾਰੇ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕਰਨ ਅਤੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਤੋਂ ਬਾਅਦ ਹੀ ਚੋਣ ਮੈਦਾਨ ਵਿਚ ਰੌਣਕ ਆਵੇਗੀ। ਲੁਧਿਆਣਾ ਸ਼ਹਿਰ ਦੇ 6 ਹਲਕਿਆਂ ਵਿਚ ਇਸ ਵਾਰ 5 ਕੋਨਾ ਮੁਕਾਬਲਾ ਹੋਣ ਦੇ ਅਸਾਰ ਹਨ।