ਲੁਧਿਆਣਾ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਕੀਰਤਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ‘ਤੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਜਬਰਤੋੜ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਦੌਰਾਨ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਉਨ੍ਹਾਂ ਕਿਹਾ ਕਿ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ ਸਿਪਾਹੀ ਦੇ ਰੂਪ ਵਜੋਂ ਵਿਚਰਦਿਆਂ ਹੋਇਆ ਜਿੱਥੇ ਇਕ ਨਵੇਂ ਇਨਕਲਾਬ ਦੀ ਸਿਰਜਣਾ ਕੀਤੀ, ਉੱਥੇ ਅਣਖ ਤੇ ਗੈਰਤ ਨੂੰ ਬਹਾਲ ਰੱਖਦਿਆਂ ਜ਼ਬਰ ਦਾ ਮੁਕਾਬਲਾ ਪੂਰੀ ਦਲੇਰੀ ਨਾਲ ਮੁਕਾਬਲਾ ਕਰ ਕੇ ਸਿੱਖੀ ਦੇ ਝੰਡੇ ਨੂੰ ਬੁਲੰਦ ਕੀਤਾ। ਜਿਸ ਦੇ ਸਦਕਾ ਸਮੁੱਚੀ ਲੋਕਾਈ ਗੁਰੂ ਸਾਹਿਬ ਜੀ ਨੂੰ ਆਪਣਾ ਸ਼ਰਧਾ ਤੇ ਸਤਿਕਾਰ ਭੇਟ ਕਰਦੀ ਹੈ।
ਉਨ੍ਹਾਂ ਨੇ ਸਮਾਗਮ ਅੰਦਰ ਜੁੜ ਬੈਠੀਆਂ ਸੰਗਤਾਂ ਨੂੰ ਧਰਮ ਦੇ ਮਾਰਗ ਉਪਰ ਚੱਲਣ, ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦੀ ਤਾਕੀਦ ਵੀ ਕੀਤੀ। ਕੀਰਤਨ ਸਮਾਗਮ ਅੰਦਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ, ਗੁਰ ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਮੁੱਖ ਮੈਂਬਰ ਇੰਦਰਬੀਰ ਸਿੰਘ ਬੱਤਰਾ, ਹਰਪਾਲ ਸਿੰਘ ਬੱਤਰਾ, ਰਵਿੰਦਰਦਰਪਾਲ ਸਿੰਘ ਡੰਗ, ਗੁਰਦੀਪ ਸਿੰਘ ਡੀਮਾਰਟੇ, ਰਜਿੰਦਰ ਸਿੰਘ ਡੰਗ, ਮਨਜੀਤ ਸਿੰਘ ਨਾਟੀ, ਗੁਰਬਚਨ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।