ਲੁਧਿਆਣਾ : ਸਮਾਰਟ ਸਿਟੀ ਯੋਜਨਾ ਤਹਿਤ ਨਗਰ ਨਿਗਮ ਪ੍ਰਸ਼ਾਸਨ ਵਲੋਂ ਪੱਖੋਵਾਲ ਰੋਡ ‘ਤੇ ਬਣਾਏ ਜਾ ਰਹੇ ਰੇਲਵੇ ਓਵਰਬਿ੍ਜ ਅਤੇ ਰੇਲਵੇ ਅੰਡਰਬਿ੍ਜ ਦੇ ਨਿਰਮਾਣ ਦੀ ਮੱਠੀ ਰਫਤਾਰ ਕਾਰਨ ਰੇਲਵੇ ਅੰਡਰਪਾਸ ਪਾਰਟ-2 ਰਾਹੀਂ ਜਨਵਰੀ ਦੇ ਪਹਿਲੇ ਹਫਤੇ ਟ੍ਰੈਫਿਕ ਸ਼ੁਰੂ ਕਰਨ ਦਾ ਪ੍ਰਸ਼ਾਸਨ ਦਾ ਦਾਅਵਾ ਅਸਫਲ ਹੋ ਗਿਆ ਹੈ।
ਵਿਧਾਨ ਸਭਾ ਚੋਣਾਂ ਲਈ ਜ਼ਾਬਤਾ ਲੱਗਣ ਤੋਂ ਪਹਿਲਾਂ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਵਲੋਂ ਰੇਲਵੇ ਅੰਡਰਪਾਥ ਪਾਰਟ-2 ਰਾਹੀਂ ਟ੍ਰੈਫਿਕ ਸ਼ੁਰੂ ਕਰਨ ਲਈ ਕਰਾਏ ਟਰਾਇਲ ਮੌਕੇ ਅਧਿਕਾਰੀਆਂ ਨੇ ਜਨਵਰੀ ਦੇ ਪਹਿਲੇ ਹਫਤੇ ‘ਚ ਟ੍ਰੈਫਿਕ ਸ਼ੁਰੂ ਕਰਨ ਦਾ ਵਿਸ਼ਵਾਸ਼ ਦਿਵਾਇਆ ਸੀ ਪਰ ਮੌਜੂਦਾ ਸਮੇਂ ਚੱਲ ਰਹੇ ਨਿਰਮਾਣ ਕਾਰਜ ਤੋਂ ਜਾਪਦਾ ਹੈ ਕਿ 26 ਜਨਵਰੀ ਤੋਂ ਪਹਿਲਾਂ ਟ੍ਰੈਫਿਕ ਨਹੀਂ ਸ਼ੁਰੂ ਹੋ ਸਕੇਗਾ।
ਨਗਰ ਨਿਗਮ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਅੰਡਰਪਾਸ ਪਾਰਟ-2 ਦਾ ਸਰਾਭਾ ਨਗਰ ਵਾਲੇ ਪਾਸੇ ਦਾ ਹਿੱਸਾ ਤਿਆਰ ਹੈ ਅਤੇ ਪਰ ਇਸ਼ਮੀਤ ਰੋਡ ਵੱਲ ਸਲੈਬ ਦਾ ਲੈਂਟਰ ਪਾਇਆ ਹੋਇਆ ਹੈ, ਜਿਸ ਦੀ ਸ਼ਟਰਿੰਗ ਖੁੱਲ੍ਹਣ ਤੋਂ ਪਹਿਲਾਂ ਟ੍ਰੈਫਿਕ ਸ਼ੁਰੂ ਨਹੀਂ ਕਰਵਾਇਆ ਜਾ ਸਕਦਾ ਕਿਉਂਕਿ ਸ਼ਟਰਿੰਗ ਨਾਲ ਵਾਹਨ ਟਕਰਾ ਕੇ ਹਾਦਸਾ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ 31 ਦਸੰਬਰ ਤੱਕ ਰੇਲਵੇ ਅੰਡਰਪਾਸ ਪਾਰਟ-2 ਦਾ ਨਿਰਮਾਣ ਕਾਰਜ ਪੂਰਾ ਕਰਵਾਉਣ ਲਈ ਮੇਅਰ ਬਲਕਾਰ ਸਿੰਘ ਸੰਧੂ ਅਤੇ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਕਈ ਵਾਰ ਨਿਰਮਾਣ ਸਥਾਨ ਦਾ ਨਿਰੀਖਣ ਕਰਕੇ ਕੰਮ ਤੇਜ਼ੀ ਨਾਲ ਪੂਰਾ ਕਰਨ ਦੀ ਦਿੱਤੀ ਹਦਾਇਤ ਦੇ ਬਾਵਜੂਦ ਤੈਅ ਸਮੇਂ ‘ਚ ਪੂਰਾ ਨਹੀਂ ਹੋ ਸਕਿਆ।