ਲੁਧਿਆਣਾ : ਸੂਬੇ ‘ਚ ਫਰਵਰੀ ਮਹੀਨੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਭਾਵੇਂ ਕਾਂਗਰਸ ਪਾਰਟੀ ਵਲੋਂ ਹਲਕਾ ਗਿੱਲ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ, ਪਰ ਕਾਂਗਰਸ ਦੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਵੈਦ ਵਲੋਂ ਉੱਚ ਲੀਡਰਸ਼ਿਪ ਦੇ ਥਾਪੜੇ ਨਾਲ ਹਲਕੇ ‘ਚ ਚੋਣ ਸਰਗਰਮੀਆਂ ਤੇਜ਼ ਕੀਤੀਆਂ ਜਾ ਚੁੱਕੀਆਂ ਹਨ।
ਵਿਧਾਇਕ ਵੈਦ ਨੇ ਵਰਕਰਾਂ ਨਾਲ ਚੋਣ ਮੀਟਿੰਗ ਕਰਦਿਆਂ ਕਿਹਾ ਕਿ ਅਸੀਂ ਹਲਕਾ ਗਿੱਲ ਦੇ ਹੋਏ ਰਿਕਾਰਡ-ਤੋੜ ਵਿਕਾਸ ਕਾਰਜਾਂ ਦੇ ਅਧਾਰ ‘ਤੇ ਕਾਂਗਰਸੀ ਵਰਕਰਾਂ ਦੀ ਅਗਵਾਈ ਹੇਠ ਹਲਕਾ ਗਿੱਲ ਦੀ ਸੀਟ ਜਿੱਤ ਕੇ ਦੂਸਰੀ ਵਾਰ ਪਾਰਟੀ ਦੀ ਝੋਲੀ ‘ਚ ਪਾਵਾਂਗੇ।
ਉਨ੍ਹਾਂ ਕਿਹਾ ਕਿ ਹਲਕਾ ਗਿੱਲ ਅੰਦਰ ਕਾਂਗਰਸ ਪਾਰਟੀ ਦੇ ਵਰਕਰ ਇਕਜੁੱਟ ਹਨ ਤੇ ਪਾਰਟੀ ਵਰਕਰਾਂ ਵਲੋਂ ਹਲਕੇ ਦੇ ਹੋਏ ਵਿਕਾਸ ਕਾਰਜਾਂ ਅਤੇ ਕਾਂਗਰਸ ਵਲੋਂ ਲਿਆਂਦੀਆਂ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ਲਿਜਾ ਕੇ ਅਸੀਂ ਚੋਣ ਪ੍ਰਚਾਰ ਸ਼ੁਰੂ ਕਰ ਚੁੱਕੇ ਹਾਂ ਤੇ ਹਲਕਾ ਗਿੱਲ ਦੇ ਨਾਲ ਸੂਬੇ ਦੇ ਲੋਕ ਸੂਬੇ ‘ਚ ਹੋਏ ਵਿਕਾਸ ਕਾਰਜਾਂ ਨੂੰ ਦੇਖਦਿਆਂ ਮੁੜ ਕਾਂਗਰਸ ਸਰਕਾਰ ਬਣਾ ਕੇ ਨਵਾਂ ਇਤਿਹਾਸ ਸਿਰਜਣਗੇ।
ਵਿਧਾਇਕ ਵੈਦ ਨੇ ਕਿਹਾ ਕਿ ਹਾਈਕਮਾਨ ਅਤੇ ਸੂਬੇ ਦੀ ਕਾਂਗਰਸੀ ਲੀਡਰਸ਼ਿਪ ਸਿਰ ਚੋਣਾਂ ਸਬੰਧੀ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ ਤੇ ਇੱਕੋ ਵਾਰ ‘ਚ ਸੂਬੇ ਦੇ ਸਾਰੇ ਉਮੀਦਵਾਰਾਂ ਦੀ ਲਿਸਟ ਜਾਰੀ ਨਹੀਂ ਕੀਤੀ ਜਾ ਸਕਦੀ, ਇਸ ਲਈ ਜਲਦੀ ਹੀ ਦੂਸਰੀ ਲਿਸਟ ਜਾਰੀ ਹੋਵੇਗੀ, ਜਿਸ ‘ਚ ਅਸੀਂ ਹਲਕੇ ਗਿੱਲ ‘ਚ ਕਾਂਗਰਸ ਦੀ ਦੂਸਰੀ ਵਾਰ ਫਿਰ ਕਮਾਂਡ ਸੰਭਾਲਦੇ ਹੋਏ ਚੋਣ ਪ੍ਰਚਾਰ ਨੂੰ ਹੋਰ ਸਿਖ਼ਰਾਂ ‘ਤੇ ਲਿਜਾਵਾਂਗੇ।