ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅਕਾਲੀ ਦਲ ਵਾਲੇ ਗ੍ਰੰਥ ਅਤੇ ਪੰਥ ਨਾਲ ਮੱਥਾ ਲਾ ਕੇ ਆਪਣੀ ਬੇੜੀ ਪਾਰ ਨਹੀਂ ਲੰਘਾ ਸਕਦੇ। ਉਨ੍ਹਾਂ ਕਿਹਾ ਕਿ ਭਾਵੇਂ ਅਕਾਲੀ ਦਲ ਵਲੋਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਦਲਿਤ ਪੱਤਾ ਖੇਡਦਿਆਂ ਬਸਪਾ ਨਾਲ ਗਠਜੋੜ ਕਰ ਲਿਆ ਹੈ ਪਰ ਬਸਪਾ ਦੀ ਬੇੜੀ ‘ਚ ਪੈਰ ਰੱਖ ਕੇ ਵੀ ਅਕਾਲੀ ਦਲ ਪਾਰ ਨਹੀ ਲੰਘ ਸਕਦਾ।
ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਪਾਰਟੀ ਕਹਾਉਣ ਵਾਲੇ ਅਕਾਲੀ ਦਲ ਦੇ ਰਾਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤ ਉੱਪਰ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਦਾ ਅਕਾਲੀ ਦਲ ਦੇ ਰਾਜ ਦੌਰਾਨ ਇਨਸਾਫ ਨਹੀਂ ਮਿਲਿਆ ਅਤੇ ਹੁਣ ਕਾਂਗਰਸ ਵੀ ਅਜੇ ਤੱਕ ਇਨਸਾਫ ਨਹੀਂ ਦੇ ਸਕੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਦੌਰਾਨ ਬੇਅਦਬੀ ਦਾ ਇਨਸਾਫ ਨਾ ਮਿਲਣ ਕਾਰਨ ਸਿੱਖ ਜਗਤ ਵੱਡੀ ਪੱਧਰ ‘ਤੇ ਇਨ੍ਹਾਂ ਤੋਂ ਨਿਰਾਸ਼ ਹੈ।
ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਦਲ ਤੇ ਕੋਈ ਮੁਸੀਬਤ ਆਉਦੀ ਹੈ ਤਾਂ ਪੰਥ ਦਾ ਵਾਸਤਾ ਦੇ ਕੇ ਉਸ ਨੂੰ ਗੱਲੋਂ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਹੁਣ ਜਦੋਂ ਗ੍ਰੰਥ ਅਤੇ ਪੰਥ ਤੇ ਭੀੜ ਪਈ ਹੈ ਤਾਂ ਅਕਾਲੀ ਦਲ ਉਸ ਦੀ ਸਾਰ ਨਹੀ ਲੈ ਰਿਹਾ। ਉਨ੍ਹਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਗ੍ਰੰਥ ਅਤੇ ਪੰਥ ਨਾਲ ਮੱਥਾ ਲਾਉਣ ਦੇ ਨਤੀਜੇ ਭੁਗਤਣੇ ਪੈਣਗੇ।