ਜਲੰਧਰ : ਜਲੰਧਰ ਤੋਂ ਲੁਧਿਆਣਾ ਆਉਣ-ਜਾਣ ਵਾਲੀ ਸੜਕ ‘ਤੇ ਪੀ. ਏ. ਪੀ. ਚੌਂਕ ਤੋਂ ਲੈ ਕੇ ਰਾਮਾਮੰਡੀ ਤੱਕ ਪ੍ਰਦਰਸ਼ਨਕਾਰੀਆਂ ਨੇ ਸੜਕ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਹੋਇਆ ਹੈ। ਬੀ. ਐੱਸ. ਐੱਫ. ਚੌਂਕ ’ਤੇ ਵੀ ਇਸੇ ਤਰ੍ਹਾਂ ਧਰਨੇ ਦੇ ਚਲਦਿਆਂ ਲੰਬਾ ਜਾਮ ਲੱਗਾ ਹੋਇਆ ਹੈ। ਇਸੇ ਦੇ ਚਲਦਿਆਂ ਰਾਹਗੀਰਾਂ ਨੂੰ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਪਿਛਲੇ ਇਕ ਸਾਲ ਤੋਂ ਫ਼ੌਜ ’ਚ ਭਰਤੀ ਲਈ ਲਿਖ਼ਤੀ ਪ੍ਰੀਖਿਆ ਨਾ ਹੋਣ ਦੇ ਕਾਰਨ ਰੋਸ ’ਚ ਆਏ ਕਰੀਬ 5 ਜ਼ਿਲ੍ਹਿਆਂ ਦੇ ਬਿਨੇਕਾਰਾਂ ਨੇ ਅੱਜ ਸਵੇਰੇ ਪੀ. ਏ. ਪੀ. ਚੌਂਕ ਤੋਂ ਥੋੜ੍ਹੀ ਦੂਰ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਵੱਲੋਂ ਲਾਏ ਗਏ ਜਾਮ ਕਾਰਨ ਜਲੰਧਰ ਤੋਂ ਲੁਧਿਆਣਾ ਨੂੰ ਆਉਣ-ਜਾਣ ਵਾਲੀਆਂ ਗੱਡੀਆਂ ਜਾਮ ’ਚ ਫਸ ਗਈਆਂ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਮੌਕੇ ’ਤੇ ਪਹੁੰਚੀ ਪੁਲਸ ਨੇ ਧਰਨਾਕਾਰੀਆਂ ਨੂੰ ਹਾਈਵੇਅ ਤੋਂ ਹਟਾ ਕੇ ਸਰਵਿਸ ਲੇਨ ਕਰ ਦਿੱਤਾ ਪਰ ਇਸ ਦੌਰਾਨ ਗੱਡੀਆਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ। ਬਹੁਤ ਸਾਰੇ ਲੋਕ ਬੱਸਾਂ ’ਚੋਂ ਉਤਰ ਪੈਦਲ ਬੱਸ ਅੱਡੇ ਵੱਲ ਨੂੰ ਚੱਲ ਪਏ।
ਧਰਨਾ ਦੇ ਰਹੇ ਲੋਕਾਂ ਦਾ ਕਹਿਣਾ ਹੈ ਕਿ ਭਰਤੀ ਰੈਲੀ ਦੌਰਾਨ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਲਿਖ਼ਤੀ ਪ੍ਰੀਖਿਆ ਦੀ ਤਾਰੀਖ਼ ਨਿਰਧਾਰਿਤ ਕੀਤੀ ਗਈ ਸੀ ਪਰ ਕੋਰੋਨਾ ਕਾਰਨ ਫ਼ੌਜ ਨੇ ਲਿਖ਼ਤੀ ਪ੍ਰੀਖਿਆ ਮੁਲਤਵੀ ਕਰ ਦਿੱਤੀ। ਉਨ੍ਹਾਂ ਦਾ ਦੋਸ਼ ਹੈ ਕਿ ਉਹ ਪਿਛਲੇ ਇਕ ਸਾਲ ਤੋਂ ਵਾਰ-ਵਾਰ ਲਿਖ਼ਤੀ ਪ੍ਰੀਖਿਆ ਦੀ ਤਿਆਰੀ ਕਰਦੇ ਹਨ ਪਰ ਮੌਕੇ ’ਤੇ ਰੱਦ ਕਰ ਦਿੱਤੀ ਜਾਂਦੀ ਹੈ।