ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਰੰਗਲਾ ਤੇ ਸੁਨਹਿਰਾ ਪੰਜਾਬ ਬਣਾਉਣ ਲਈ ਜੋ 10 ਸੂਤਰੀ ਪੰਜਾਬ ਮਾਡਲ ਦਾ ਐਲਾਨ ਕੀਤਾ ਹੈ, ਉਸ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਪੰਜਾਬ ਪਹਿਲਾਂ ਹੀ ਲਗਭਗ 3 ਲੱਖ ਕਰੋੜ ਰੁਪਏ ਦਾ ਕਰਜ਼ਾਈ ਹੈ ਅਤੇ ਕੇਜਰੀਵਾਲ ਨੇ ਪੰਜਾਬ ਮਾਡਲ ਬਣਾਉਣ ਦਾ ਐਲਾਨ ਕੀਤਾ ਹੈ, ਉਸ ਲਈ ਪੈਸਾ ਕਿੱਥੋਂ ਆਵੇਗਾ।
ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੇਜਰੀਵਾਲ ਵਲੋਂ ਪੰਜਾਬ ਆ ਕੇ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦਾ ਦਿੱਲੀ ਨੂੰ ਜਾਂਦਾ 0.2 ਐਮ.ਏ.ਐਫ ਪਾਣੀ ਦੀ ਕੀਮਤ ਭੇਜੀ ਜਾਵੇਗੀ ਜੋ ਅਜੇ ਤੱਕ ਨਹੀਂ ਭੇਜੀ ਗਈ, ਜਦੋਂਕਿ ਕੇਜਰੀਵਾਲ ਨੇ ਹਿਮਾਚਲ ਪ੍ਰਦੇਸ਼ ਨੂੰ ਪਾਣੀ ਦਾ 21 ਕਰੋੜ ਰੁਪਏ ਸਾਲਾਨਾ ਦੇਣਾ ਸ਼ੁਰੂ ਕਰ ਦਿੱਤਾ।
ਬੈਂਸ ਨੇ ਕਿਹਾ ਕਿ ਕੇਜਰੀਵਾਲ ਨੇ ਆਪਣੇ 10 ਸੂਤਰੀ ਪੰਜਾਬ ਮਾਡਲ ਵਿਚ ਪੰਜਾਬ ਨੂੰ ਪਾਣੀ ਦੀ ਕੀਮਤ ਦੇਣ ਦਾ ਏਜੰਡਾ ਕਿਉ ਨਹੀਂ ਪਾਇਆ। ਕੇਜਰੀਵਾਲ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਦੀ ਕਿਸੇ ਵੀ ਸਿਆਸੀ ਪਾਰਟੀ ਨਾਲ ਮਿਲੀਭੁਗਤ ਨਹੀਂ ਹੈ, ਜਦਕਿ ਬਾਦਲਾਂ ਦੀਆਂ ਇੰਡੋਕਨੇਡੀਅਨ ਬੱਸਾਂ ਦਾ ਦਿੱਲੀ ਏਅਰਪੋਰਟ ‘ਤੇ ਜਾਣਾ ਤੇ ਪੀ.ਆਰ.ਟੀ.ਸੀ. ਬੱਸਾਂ ਨੂੰ ਏਅਰਪਰਟ ‘ਤੇ ਜਾਣ ਦੀ ਇਜਾਜ਼ਤ ਨਾ ਦੇਣਾ, ਇਸ ਮਿਲੀਭੁਗਤ ਦੀ ਗਵਾਹੀ ਭਰਦਾ ਹੈ।