ਪਟਿਆਲਾ : ਲਾਅ ਯੂਨੀਵਰਸਿਟੀ ਦੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਤੇ ਸਟਾਫ ਦੇ 40 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਉਪਰੰਤ ਹਰਕਤ ਵਿੱਚ ਆਉਂਦਿਆਂ ਇਥੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸੰਪਰਕ ‘ਚ ਆਏ ਵਿਅਕਤੀਆਂ ਦੀ ਦੇ ਸੈਂਪਲ ਲਏ ਜਾ ਰਹੇ ਹਨ ਉੱਥੇ ਹੀ ਪਾਜ਼ੇਟਿਵ ਕੇਸਾਂ ਨੂੰ ਹਸਪਤਾਲ ਅਤੇ ਘਰਾਂ ਵਿੱਚ ਹੀ ਆਈਸੋਲੇਟ ਕੀਤਾ ਜਾ ਰਿਹਾ ਹੈ।
ਇਸ ਦੀ ਪੁਸ਼ਟੀ ਕਰਦਿਆਂ ਜ਼ਿਲਾ ਐਪੀਡਿਮੋਲੋਜਿਸਟ ਡਾ ਸੁਮਿਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਚ ਲਗਾਤਾਰ ਕੋਰੋਨਾ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸੇ ਤਹਿਤ ਸਿਹਤ ਵਿਭਾਗ ਵੱਲੋਂ ਕੋਰੋਨਾ ਤੋਂ ਬਚਾਅ ਲਈ ਟੀਮਾਂ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਤੇ ਲੋਕਾਂ ਨੂੰ ਇਹ ਵੀ ਹਦਾਇਤ ਕੀਤੀ ਜਾਰੀ ਹੈ ਕਿ ਉਹ ਕੋਰੋਨਾ ਸੰਬੰਧੀ ਗਾਇਡਲਾਇਨ ਦੀ ਪਾਲਣਾ ਕਰਨ ਤਾਂ ਕਿ ਕੋਰੋਨਾ ਦੀ ਮਹਾਂਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕੇ।
ਵਿਭਾਗ ਦੀਆਂ ਟੀਮਾਂ ਵੱਲੋਂ ਲੰਘੇ ਦਿਨੀਂ 80 ਦੇ ਕਰੀਬ ਲਾਅ ਯੂਨੀਵਰਸਿਟੀ ਦੇ ਵਿਦਿਆਰਥੀਆਂ ਫੈਕਲਟੀ ਮੈਂਬਰਾਂ ਤੇ ਸਟਾਫ ਦੇ ਸੈਂਪਲ ਵੀ ਲਏ ਗਏ ਸਨ। ਜਿਨ੍ਹਾਂ ਵਿੱਚ 40 ਦੇ ਕਰੀਬ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਹਾਲਾਂਕਿ ਯੂਨੀਵਰਸਿਟੀ ਵੱਲੋਂ ਕੋਰੋਨਾ ਦੇ ਮੱਦੇਨਜ਼ਰ ਜ਼ਿਆਦਾਤਰ ਵਿਦਿਆਰਥੀਆਂ ਨੂੰ ਘਰਾਂ ਵਿੱਚ ਵਾਪਸ ਭੇਜ ਦਿੱਤਾ ਗਿਆ ਹੈ ਜਦਕਿ ਕੁਝ ਕੁ ਵਿਦਿਆਰਥੀ ਹਾਲੇ ਵੀ ਉੱਥੇ ਰਹਿ ਰਹੇ ਹਨ ।