ਮਾਛੀਵਾੜਾ ਸਾਹਿਬ ( ludhiana) : ਪੰਜਾਬ ਦੀ ਰਾਸ਼ਟਰਵਾਦੀ ਸਾਖ਼ ‘ਤੇ ਸਵਾਲ ਉਠਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਪੰਜਾਬੀਆਂ ਨੇ ਕਦੇ ਵੀ ਦੇਸ਼ ਲਈ ਕੁਰਬਾਨੀਆਂ ਕਰਨ ਤੋਂ ਝਿਜਕ ਨਹੀਂ ਦਿਖਾਈ ਅਤੇ ਉਹ ਵੀ ਦੇਸ਼ ਦੇ ਹੋਰ ਵਰਗਾਂ ਵਾਂਗ ਦੇਸ਼ ਭਗਤ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਫਿਰੋਜ਼ਪੁਰ ਵਿਖੇ ਬਿਨਾਂ ਸੰਬੋਧਨ ਕੀਤੇ ਵਾਪਸ ਚਲੇ ਜਾਣ ਦੀ ਕੱਲ੍ਹ ਦੀ ਘਟਨਾ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਇੱਥੇ ਦਾਣਾ ਮੰਡੀ ਵਿਖੇ ਕਿਹਾ ਕਿ ਅਸਲੀਅਤ ਇਹ ਹੈ ਕਿ ਰੈਲੀ ਵਾਲੀ ਥਾਂ ‘ਤੇ ਸਿਰਫ਼ 700 ਲੋਕ ਹੀ ਪੁੱਜੇ ਸਨ, ਜਿਸ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਕਦਮ ਪਿੱਛੇ ਮੋੜਨ ਲਈ ਮਜਬੂਰ ਕੀਤਾ ਅਤੇ ਬਾਅਦ ਵਿਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖਤਰੇ ਦਾ ਬਹਾਨਾ ਲਾਉਂਦੇ ਹੋਏ ਦੋਸ਼ ਪੰਜਾਬ ਸਰਕਾਰ ‘ਤੇ ਮੜ੍ਹ ਦਿੱਤਾ ਗਿਆ।
ਚੰਨੀ ਨੇ ਕਿਹਾ, “ਸੱਚਾਈ ਇਹ ਹੈ ਕਿ ਪ੍ਰਧਾਨ ਮੰਤਰੀ ਦੀ ਨਿਰਧਾਰਤ ਰੈਲੀ ਤੋਂ ਪੰਜ ਦਿਨ ਪਹਿਲਾਂ, ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸਪੀਜੀ) ਨੇ ਲੈਂਡਿੰਗ ਸਪਾਟ, ਰੈਲੀ ਵਾਲੀ ਥਾਂ ਅਤੇ ਹਰੇਕ ਸੁਰੱਖਿਆ ਵੇਰਵੇ ਲੈ ਲਏ ਸਨ ਪਰ ਬਾਅਦ ਵਿੱਚ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੇ ਅਚਾਨਕ ਜ਼ਮੀਨੀ ਰਸਤਾ ਫੜ ਲਿਆ ਜੋ ਕਿ ਐਸ.ਪੀ.ਜੀ. ਦੁਆਰਾ ਕਲੀਅਰ ਕੀਤਾ ਗਿਆ ਸੀ।” ਮੁੱਖ ਮੰਤਰੀ ਨੇ ਮੁੜ ਦੁਹਰਾਇਆ ਕਿ ਜੇਕਰ ਪ੍ਰਧਾਨ ਮੰਤਰੀ ਨੂੰ ਕੋਈ ਖ਼ਤਰਾ ਹੈ ਤਾਂ ਹਰ ਪੰਜਾਬੀ ਦੇਸ਼ ਭਗਤ ਹੋਣ ਨਾਤੇ ਆਪਣਾ ਖੂਨ ਵਹਾਉਣ ਅਤੇ ਗੋਲੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ, ਜਿਵੇਂ ਕਿ ਉਹ ਪਹਿਲਾਂ ਵੀ ਦੇਸ਼ ਦੀ ਮਾਣ ਅਤੇ ਮਰਿਆਦਾ ਦੀ ਬਹਾਲੀ ਲਈ ਕਰਦੇ ਆਏ ਹਨ।
ਮੁੱਖ ਮੰਤਰੀ ਚੰਨੀ ਨੇ ਪੰਜਾਬ ਵਿਰੋਧੀ ਤਾਕਤਾਂ ਨੂੰ ਸੂਬੇ ਨੂੰ ਬਦਨਾਮ ਕਰਨਾ ਬੰਦ ਕਰਨ ਲਈ ਕਿਹਾ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਦੇ ਆਲੇ ਦੁਆਲੇ ਖੁਫੀਆ ਤੰਤਰ ਕੀ ਕਰ ਰਿਹਾ ਹੈ, ਕੀ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਕਿਸੇ ਖਤਰੇ ਦੀ ਸੰਭਾਵਨਾ ਮਹਿਸੂਸ ਕੀਤੀ ਸੀ। ਇਸੇ ਤਰ੍ਹਾਂ ਮੁੱਖ ਮੰਤਰੀ ਚੰਨੀ ਨੇ ਪੰਜਾਬ ਵਿਰੋਧੀ ਤਾਕਤਾਂ ਨੂੰ ਬਦਲੇਖੋਰੀ ਦੀ ਰਾਜਨੀਤੀ ਤੋਂ ਦੂਰ ਰਹਿਣ ਲਈ ਕਿਹਾ ਅਤੇ ਇਸ ਗੱਲ ‘ਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਕਿ ਲੋਕ, ਖਾਸ ਕਰਕੇ ਕਿਸਾਨ, ਉਨ੍ਹਾਂ ਨੂੰ ਕਿਉਂ ਪਸੰਦ ਨਹੀਂ ਕਰਦੇ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਨੇ ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਉਥੇ ਰੁਮਾਲਾ ਸਾਹਿਬ ਵੀ ਭੇਟ ਕੀਤਾ। ਉਨ੍ਹਾਂ ਨੂੰ ਹੈੱਡ ਗ੍ਰੰਥੀ ਹਰਪਾਲ ਸਿੰਘ ਅਤੇ ਮੈਨੇਜਰ ਸਰਬਦਿਆਲ ਸਿੰਘ ਵੱਲੋਂ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਪੇਂਟਿੰਗ ਵੀ ਦਿੱਤੀ ਗਈ, ਜਿਸ ਵਿੱਚ ਗੁਰੂ ਸਾਹਿਬ ਨੂੰ ਇਤਿਹਾਸਕ ਜੰਡ ਸਾਹਿਬ ਦੇ ਹੇਠਾਂ ‘ਮਾਛੀਵਾੜਾ ਦੇ ਜੰਗਲ’ ‘ਚ ਵਿਸ਼ਰਾਮ ਕਰਦੇ ਚਿਤਰਿਆ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵਲੋਂ ਨੈਸ਼ਨਲ ਕਾਲਜ ਫ਼ਾਰ ਵੂਮੈਨ (ਮਾਛੀਵਾੜਾ) ਨੂੰ ਸਰਕਾਰੀ ਕਾਲਜ ਫ਼ਾਰ ਵੂਮੈਨ ਵਜੋਂ ਅਪਣਾਏ ਜਾਣ ਉਪਰੰਤ ਸੰਭਾਲੇ ਜਾਣ ਦਾ ਰਸਮੀ ਉਦਘਾਟਨ ਵੀ ਕੀਤਾ।
ਉਨ੍ਹਾਂ ਆਪਣੀ ਸਰਕਾਰ ਵੱਲੋਂ ਚੁੱਕੇ ਗਏ ਲੋਕ ਪੱਖੀ ਕਦਮਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਰਾਜ ਦੇ ਹਰੇਕ ਨੌਜਵਾਨ ਦੇ ਬੈਂਕ ਖਾਤੇ ਵਿੱਚ ਜਲਦੀ ਹੀ 2000 ਰੁਪਏ ਪ੍ਰਤੀ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕ੍ਰਮਵਾਰ 10 ਰੁਪਏ ਤੇ 5 ਰੁਪਏ ਦੀ ਕਟੌਤੀ, ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ‘ਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ, ਪਾਣੀ ਦੀ ਸਪਲਾਈ ਦੀਆਂ ਦਰਾਂ ਨੂੰ ਘਟਾ ਕੇ 50 ਰੁਪਏ ‘ਤੇ ਲਿਆਉਣ, ਗਊਸ਼ਾਲਾਵਾਂ ਦੇ 19 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਨੂੰ ਮੁਆਫ ਕਰਨ, 52000 ਆਂਗਣਵਾੜੀ ਵਰਕਰਾਂ/ਹੈਲਪਰਾਂ ਤੋਂ ਇਲਾਵਾ 67000 ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਵਰਕਰਾਂ ਦੇ ਮਾਸਿਕ ਮਾਣ ਭੱਤੇ ਵਿੱਚ ਵਾਧਾ ਕਰਨ ਜਿਹੀਆਂ ਆਪਣੀ ਸਰਕਾਰ ਦੀਆਂ ਪ੍ਰਮੁੱਖ ਉਪੱਬਧੀਆਂ ਵੀ ਦੱਸੀਆਂ।
ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਉਸ ਨੂੰ ਬ੍ਰਿਟਿਸ਼ ਬਸਤੀਵਾਦੀਆਂ ਨਾਲ ਜੋੜਦੇ ਹੋਏ ਕਿਹਾ ਕਿ ਉਹ ਆਪਣੇ ਭਗਵੰਤ ਮਾਨ ਵਰਗੇ ਸਾਥੀਆਂ ਦੀ ਮਦਦ ਨਾਲ ਪੰਜਾਬ ‘ਤੇ ਕਬਜ਼ਾ ਕਰਨ ਲਈ ਤਿਆਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਇੱਕ ਭਗੌੜਾ ਹੈ ਜੋ ਆਪਣੇ ਮਾੜੇ ਕੰਮਾਂ ਕਾਰਨ ਕਾਨੂੰਨ ਤੋਂ ਭਗੌੜਾ ਹੈ।