ਲੁਧਿਆਣਾ : ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਪੱਛਮੀ ਤੋਂ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੰਥਕ ਇਕੱਠ ਸਬੰਧੀ ਚਿੱਠੀ ਲਿਖਣ ਦਾ ਕੋਈ ਅਧਿਕਾਰ ਨਹੀਂ ਹੈ।
ਗਰੇਵਾਲ ਨੇ ਕਿਹਾ ਕਿ ਕਾਂਗਰਸੀ ਆਗੂ ਤਾਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੀ ਨਹੀਂ ਮੰਨਦੇ ਉਨ੍ਹਾਂ ਦਾ ਜਥੇਦਾਰ ਧਿਆਨ ਸਿੰਘ ਮੰਡ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸ. ਰੰਧਾਵਾ ਨੇ ਚਿੱਠੀ ਲਿਖਣੀ ਸੀ ਤਾਂ ਧਿਆਨ ਸਿੰਘ ਮੰਡ ਨੂੰ ਲਿਖਦੇ। ਉਨ੍ਹਾਂ ਦੱਸਿਆ ਕਿ ਕਾਂਗਰਸੀ ਤਾਂ ਅਕਾਲ ਤਖ਼ਤ ਸਾਹਿਬ ਦੇ ਭਗੌੜੇ ਹਨ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ 14 ਕਾਂਗਰਸੀ ਆਗੂਆਂ ਅਤੇ 13 ਅਕਾਲੀ ਦਲ ਦੇ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੁਲਾਇਆ ਗਿਆ ਸੀ ਕਿਉਂਕਿ ਇਹ ਵੋਟਾਂ ਲਈ ਡੇਰੇ ਤੋਂ ਸਮਰਥਨ ਲੈਣ ਲਈ ਗਏ ਸਨ। ਉਨ੍ਹਾਂ ਦੱਸਿਆ ਕਿ ਅਕਾਲੀ ਆਗੂ ਤਾਂ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੋ ਗਏ, ਪਰ ਕਾਂਗਰਸੀ ਆਗੂ ਅੱਜ ਤੱਕ ਪੇਸ਼ ਨਹੀਂ ਹੋਏ।
ਨਵਜੋਤ ਸਿੰਘ ਸਿੱਧੂ ਵਲੋਂ ਬੀਤੇ ਦਿਨ ਔਰਤਾਂ ਨੂੰ ਸਹੂਲਤਾਂ ਦੇਣ ਬਾਰੇ ਕੀਤੇ ਗਏ ਐਲਾਨਾਂ ਦਾ ਜ਼ਿਕਰ ਕਰਦਿਆਂ ਸ. ਗਰੇਵਾਲ ਨੇ ਕਿਹਾ ਕਿ ਅਜੇ ਤਕ ਕਾਂਗਰਸ ਪਾਰਟੀ ਵਲੋਂ ਆਪਣਾ ਚੋਣ ਮੈਨੀਫੈਸਟੋ ਜਾਰੀ ਨਹੀਂ ਕੀਤਾ ਗਿਆ ਹੈ, ਹੋ ਸਕਦਾ ਹੈ ਕਿ ਕੱਲ੍ਹ ਨੂੰ ਸਿੱਧੂ ਵਲੋਂ ਕੀਤੇ ਜਾ ਰਹੇ ਐਲਾਨ ਕਾਂਗਰਸ ਪਾਰਟੀ ਵਲੋਂ ਆਪਣੇ ਚੋਣ ਮਨੋਰਥ ਪੱਤਰ ਵਿਚ ਸ਼ਾਮਿਲ ਨਾ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਸਿੱਧੂ ਲੋਕਾਂ ਨੂੰ ਝਾਂਸੇ ਵਿਚ ਲਿਆ ਕੇ ਵੋਟਾਂ ਲੈਣੀਆਂ ਚਾਹੁੰਦਾ ਹਾਂ, ਪਰ ਇਸ ਵਾਰ ਅਜਿਹਾ ਸੰਭਵ ਨਹੀਂ ਹੋ ਸਕੇਗਾ।