ਜਗਰਾਓਂ (ਲੁਧਿਆਣਾ) : ਜਗਰਾਓਂ ਮਾਰਕੀਟ ਕਮੇਟੀ ਵੱਲੋਂ ਇਲਾਕੇ ਦੀਆਂ ਲਿੰਕ ਸੜਕਾਂ ਬਨਾਉਣ ਦੀ ਛੇੜੀ ਮੁਹਿੰਮ ਤਹਿਤ ਹੁਣ ਲੰਡੇ ਫਾਟਕ ਜਗਰਾਉਂ ਤੋਂ ਨਾਨਕਸਰ ਕਲੇਰਾਂ ਵਾਇਆ ਕੋਠੇ ਹਰੀ ਸਿੰਘ ਸੜਕ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ। ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਦੀ ਅਗਵਾਈ ਵਿਚ ਮੰਗਲਵਾਰ ਨੂੰ ਨਾਨਕਸਰ ਦੇ ਬਾਬਾ ਹਰਬੰਸ ਸਿੰਘ ਅਤੇ ਬਾਬਾ ਸਤਨਾਮ ਸਿੰਘ ਵੱਲੋਂ ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਕਾਕਾ ਗਰੇਵਾਲ ਨੇ ਕਿਹਾ ਕਿ ਜਗਰਾਓਂ ਮਾਰਕੀਟ ਕਮੇਟੀ ਵੱਲੋਂ ਲਗਭਗ ਇਲਾਕੇ ਦੀਆਂ ਸਾਰੀਆਂ ਲਿੰਕ ਸੜਕਾਂ ਦੇ ਨਿਰਮਾਣ ਲਈ ਕਰੋੜਾਂ ਰੁਪਏ ਖਰਚ ਕਰਕੇ ਨਵੀਆਂ ਬਣਾਈਆਂ ਗਈਆਂ ਹਨ। ਜਿਸ ਦਾ ਇਲਾਕੇ ਦੇ ਲੱਖਾਂ ਲੋਕ ਲਾਹਾ ਲੈ ਰਹੇ ਹਨ। ਖਸਤਾ ਹਾਲਤ ਸੜਕਾਂ ਦੇ ਨਿਰਮਾਣ ਨਾਲ ਇਨਾਂ ਸੜਕਾਂ ‘ਤੇ ਸਫਰ ਕਰਨਾ ਸੁਖਾਲਾ ਹੋ ਗਿਆ ਹੈ।
ਉਨਾਂ ਦੱਸਿਆ ਕਿ ਲੰਡੇ ਫਾਟਕ ਤੋਂ ਨਾਨਕਸਰ ਕਲੇਰਾਂ ਵਾਇਆ ਕੋਠੇ ਹਰੀ ਸਿੰਘ ਸੜਕ ਦੇ ਨਿਰਮਾਣ ‘ਤੇ 26 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਸੜਕ ਕੁਝ ਦਿਨਾਂ ਵਿਚ ਹੀ ਬਣ ਕੇ ਤਿਆਰ ਹੋ ਜਾਵੇਗੀ। ਇਸ ਸੜਕ ਦੀ ਹਾਲਤ ਖ਼ਰਾਬ ਸੀ ਅਤੇ ਜਗਰਾਓਂ ਤੋਂ ਨਾਨਕਸਰ ਕਲੇਰਾਂ ਜਾਣ ਵਾਲੀ ਸੰਗਤ ਵੱਲੋਂ ਇਸ ਸੜਕ ਨੂੰ ਬਣਾਉਣ ਦੀ ਕਾਫ਼ੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ।