ਲੁਧਿਆਣਾ : ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ.ਗੁਰਭਜਨ ਸਿੰਘ ਗਿੱਲ ਦਾ ਲਿਖਿਆ ’ਤੇ ਭਾਸ਼ਾ ਵਿਭਾਗ ਪੰਜਾਬ ਦੇ ਸ੍ਰੋਮਣੀ ਗਾਇਕ ਪਾਲੀ ਦੇਤਵਾਲੀਆ ਦਾ ਗਾਇਆ ਗੀਤ ਲੋਰੀ ਜਗਤ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਨੇ ਬੀਤੇ ਦਿਨ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਨ ਕੀਤਾ।
ਅਨੇਕਾਂ ਹਿੱਟ ਗੀਤਾਂ ਦੇ ਰਚੇਤਾ ਬਾਬੂ ਸਿੰਘ ਮਾਨ (ਮਾਨ ਮਰਾੜਾਂ ਵਾਲਾ) ਨੇ ਕਿਹਾ ਕਿ ਇਹ ਗੀਤ ਲੋਕ ਗੀਤਾਂ ਵਾਂਗ ਦਰਜਨਾਂ ਗਾਇਕ ਗਾ ਚੁਕੇ ਹਨ ਪਰ ਹੁਣ ਪਾਲੀ ਦੇਤਵਾਲੀਆ ਨੇ ਇਸ ਗੀਤ ਦਾ ਫਿਲਮਾਂਕਣ ਕਰਕੇ ਇਸ ਨੂੰ ਹੋਰ ਵੀ ਅਸਰਦਾਰ ਬਣਾ ਦਿੱਤਾ ਹੈ। ਪੰਜਾਬੀ ਭਵਨ ਵਿਖੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਗੁਰਭਜਨ ਗਿੱਲ ਕੋਲ ਗੀਤ ਵਾਲੀ ਤਰਲਤਾ ਵੀ ਹੈ ਅਤੇ ਗੂੜ੍ਹੀ ਸਾਹਿੱਤ ਸੰਵੇਦਨਾ ਵੀ।
ਸੱਭਿਆਚਾਰਕ ਗੀਤ ਲਿਖਣ ਅਤੇ ਗਾਉਣ ਲਈ ਪਾਲੀ ਦੇਤਵਾਲੀਆ ਦੀ ਭਰਵੀਂ ਸ਼ਲਾਘਾ ਕਰਦੇ ਹੋਏ ਬਾਬੂ ਸਿੰਘ ਮਾਨ ਨੇ ਕਿਹਾ ਕਿ ਪਾਲੀ ਦੇਤਵਾਲੀਆ ਸਹੀ ਅਰਥਾਂ ਵਿੱਚ ਲੋਕਾਂ ਦਾ ਗਾਇਕ ਹੈ ਜਿਸ ਦੇ ਗੀਤਾਂ ਨੂੰ ਪਰਿਵਾਰ ਵਿੱਚ ਬੈਠ ਕੇ ਵੇਖਿਆ ਅਤੇ ਸੁਣਿਆ ਜਾ ਸਕਦਾ ਹੈ।
ਇਸ ਮੌਕੇ ਗੱਲ ਕਰਦੇ ਹੋਏ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ.ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਗੀਤ ਰੁਹ ਦੀ ਪੀੜ ਤੋਂ ਨਵਿਰਤੀ ਲਈ ਲਿਖਿਆ ਸੀ ਪਰ ਆਵਾਜ਼ ਅਤੇ ਸਾਜ਼ਾਂ ਦੇ ਸੁਮੇਲ ਕਰਕੇ ਪਾਲੀ ਦੇਤਵਾਲੀਆ ਨੇ ਇਸ ਨੂੰ ਲੋਕ ਧੁਨ ਵਿੱਚ ਗਾ ਕੇ ਕਮਾਲ ਕੀਤਾ ਹੈ। ਇਸ ਗੀਤ ਦੀ ਵਧੀਆਂ ਪੇਸ਼ਕਾਰੀ ਲਈ ਪ੍ਰੋ.ਗਿੱਲ ਨੇ ਸਮੁੱਚੀ ਟੀਮ ਦੀ ਪ੍ਰਸ਼ੰਸਾ ਕੀਤੀ।