ਲੁਧਿਆਣਾ : ਕਿਸਾਨਾਂ ਨਾਲ ਸਮਝੌਤਾ ਹੋਣ ਤੋਂ ਬਾਅਦ 449 ਦਿਨਾਂ ਬਾਅਦ ਜੀਟੀ ਰੋਡ ’ਤੇ ਲਾਡੋਵਾਲ ਟੋਲ ਪਲਾਜ਼ਾ ਸ਼ੁਰੂ ਹੋ ਗਿਆ। ਇਸ ਦੇ ਤਹਿਤ ਕਾਰਾਂ ਤੋਂ ਇਕ ਪਾਸਿਓਂ 135 ਰੁਪਏ ਅਤੇ ਅਪ-ਡਾਊਨ ਦੇ 200 ਰੁਪਏ ਵਸੂਲ ਕੀਤੇ ਜਾ ਰਹੇ ਹਨ। ਇਸ ਤੋਂ ਸਾਫ਼ ਹੈ ਕਿ ਹੁਣ ਲੁਧਿਆਣਾ ਤੋਂ ਜਲੰਧਰ ਵੱਲ ਆਉਣ ਵਾਲੇ ਵਾਹਨ ਚਾਲਕਾਂ ਦੀ ਜੇਬ ਢਿੱਲੀ ਹੋਣ ਲੱਗੀ ਹੈ।
ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਕਾਰਨ ਸੱਤ ਅਕਤੂਬਰ 2020 ਨੂੰ ਟੋਲ ਪਲਾਜ਼ੇ ਨੂੰ ਬੰਦ ਕਰ ਦਿੱਤਾ ਗਿਆ ਸੀ। ਉਦੋਂ ਤੋਂ ਕਿਸਾਨ ਉੱਥੇ ਧਰਨਾ ਲਾ ਕੇ ਬੈਠੇ ਸਨ।
ਇਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ। ਸੰਸਦ ’ਚ ਸੰਵਿਧਾਨਕ ਕਾਰਵਾਈ ਤੋਂ ਬਾਅਦ ਇਨ੍ਹਾਂ ਕਾਨੂੰਨਾਂ ਨੂੰ ਰੱਦ ਵੀ ਕਰ ਦਿੱਤਾ ਗਿਆ।
ਕਿਸਾਨ ਸੰਗਠਨਾਂ ਨੇ ਦਿੱਲੀ ਦੀਆਂ ਹੱਦਾਂ ਸਮੇਤ ਹੋਰ ਥਾਵਾਂ ਤੋਂ ਧਰਨੇ ਚੁੱਕ ਲਏ ਅਤੇ ਕਈ ਥਾਵਾਂ ’ਤੇ ਟੋਲ ਵਸੂਲੀ ਸ਼ੁਰੂ ਹੋ ਗਈ। ਪੰਜਾਬ ’ਚ ਲਾਡੋਵਾਲ ਸਮੇਤ ਕਈ ਟੋਲ ਪਲਾਜ਼ਿਆਂ ’ਤੇ ਰੇਟ ਅਤੇ ਹੋਰ ਸਹੂਲਤਾਂ ਨੂੰ ਲੈ ਕੇ ਟੋਲ ਪਲਾਜ਼ਾ ਸ਼ੁਰੂ ਨਹੀਂ ਹੋ ਸਕੇ। ਲਾਡੋਵਾਲ ਟੋਲ ਪਲਾਜ਼ਾ ’ਤੇ ਵੀ ਕਿਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਸੀ।
ਕਿਸਾਨਾਂ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਵਿਚਕਾਰ ਸਮਝੌਤਾ ਹੋਇਆ। ਇਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ ਨੇ ਕਿਹਾ ਕਿ ਟੋਲ ਪ੍ਰਬੰਧਨ ਨੇ ਕਿਸਾਨਾਂ ਦੀਆਂ ਮੰਗਾਂ ਅਨੁਸਾਰ ਲਿਖਤੀ ਸਮਝੌਤਾ ਕੀਤਾ ਹੈ।
ਇਸ ਦੇ ਤਹਿਤ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੀ ਤਨਖ਼ਾਹ ’ਚ 10 ਫ਼ੀਸਦੀ ਦਾ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਟੋਲ ਪਲਾਜ਼ਾ ’ਤੇ ਹਰ ਸਮੇਂ ਐਂਬੂਲੈਂਸ ਮੌਜ਼ੂਦ ਰਹੇਗੀ। ਨਾਲ ਹੀ ਟੋਲ ’ਤੇ ਬਣੇ ਸਪੀਡ ਬ੍ਰੇਕਰਾਂ ਨੂੰ ਸਹੀ ਕਰ ਕੇ ਵਾਹਨ ਫਰੈਂਡਲੀ ਬਣਾਇਆ ਜਾਵੇਗਾ। ਹੁਣ ਤਿੱਖੇ ਸਪੀਡ ਬ੍ਰੇਕਰ ’ਤੇ ਉੱਛਲ ਕੇ ਭਾਰੀ ਵਾਹਨਾਂ ਨੂੰ ਨੁਕਸਾਨ ਹੁੰਦਾ ਹੈ।
ਇਸ ਤੋਂ ਇਲਾਵਾ ਟੋਲ ਪਲਾਜ਼ਾ ’ਤੇ ਹਰ ਸਮੇਂ ਜੇਸੀਬੀ ਮੌਜ਼ੂਦ ਰਹੇਗੀ, ਤਾਂਕਿ ਹਾਦਸੇ ਦੀ ਸੂਰਤ ’ਚ ਤੇਜ਼ੀ ਨਾਲ ਰਸਤਾ ਸਾਫ਼ ਕੀਤਾ ਜਾ ਸਕੇ। ਨਾਲ ਹੀ ਪ੍ਰਬੰਧਨ ਤੋਂ ਇਹ ਵੀ ਲਿਖ ਕੇ ਲਿਆ ਗਿਆ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਟੋਲ ਪਲਾਜ਼ਾ ’ਤੇ ਧਰਨਾ ਦੇ ਰਹੇ ਕਿਸਾਨਾਂ ਨੇ ਪਲਾਜ਼ਾ ਦੇ ਸਾਮਾਨ ਦਾ ਕੋਈ ਨੁਕਸਾਨ ਨਹੀਂ ਕੀਤਾ।
ਸੰਧੂ ਨੇ ਕਿਹਾ ਕਿ ਇਸ ਸਮਝੌਤੇ ਤੋਂ ਬਾਅਦ ਕਿਸਾਨਾਂ ਨੇ ਟੋਲ ਪਲਾਜ਼ਾ ਕੰਪਲੈਕਸ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਜਲਦ ਹੀ ਕਿਸਾਨਾਂ ਦੀ ਕਮੇਟੀ ਸਮਝੌਤੇ ਦੀਆਂ ਸ਼ਰਤਾਂ ’ਤੇ ਅਮਲ ਦਾ ਜਾਇਜ਼ਾ ਲੈਣ ਲਈ ਟੋਲ ਪਲਾਜ਼ਾ ਦਾ ਦੌਰਾ ਕਰੇਗੀ।